Canada ਵਿਚ ਗੁਰਦੁਆਰੇ ਦੀ ਗੋਲਕ 'ਚੋਂ 20 ਲੱਖ ਡਾਲਰ ਦੀ ਲੁੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਗ੍ਰੰਥੀ ਸਿੰਘ ਵਜੋਂ ਸੇਵਾਵਾਂ ਨਿਭਾਉਣ ਵਾਲੇ ਸੁਖਵਿੰਦਰ ਸਿੰਘ ਨੇ ਇਕ ਹਜ਼ਾਰ ਡਾਲਰ ਪ੍ਰਤੀ ਮਹੀਨਾ ਤਨਖ਼ਾਹ ਹੋਣ ਦੇ ਬਾਵਜੂਦ ਘਰ ਬਗ਼ੈਰ ਕਰਜ਼ੇ ਤੋਂ ਖਰੀਦਿਆ

Gurdwara Kalgidhar Darbar in Winnipeg Canada News

ਵਿਨੀਪੈੱਗ: ਵਿਨੀਪੈਗ ਦੇ ਗੁਰਦੁਆਰਾ ਕਲਗੀਧਰ ਦਰਬਾਰ ਵਿਚ 2011 ਤੋਂ 2024 ਤਕ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਨਿਭਾਉਣ ਵਾਲੇ ਸੁਖਵਿੰਦਰ ਸਿੰਘ ਨੇ ਇਕ ਹਜ਼ਾਰ ਡਾਲਰ ਪ੍ਰਤੀ ਮਹੀਨਾ ਤਨਖ਼ਾਹ ਹੋਣ ਦੇ ਬਾਵਜੂਦ 3.32 ਲੱਖ ਡਾਲਰ ਮੁੱਲ ਵਾਲਾ ਘਰ ਬਗ਼ੈਰ ਕਰਜ਼ੇ ਤੋਂ ਖਰੀਦ ਲਿਆ।

ਗੁਰਦੁਆਰਾ ਸਾਹਿਬ ਵਿਚ ਉਸ ਦੀ ਰਿਹਾਇਸ਼ ਵਾਲੇ ਕਮਰੇ ਵਿਚੋਂ 4.10 ਲੱਖ ਡਾਲਰ ਤੋਂ ਵਧ ਰਕਮ ਵੱਖਰੇ ਤੌਰ ’ਤੇ ਬਰਾਮਦ ਕੀਤੀ ਗਈ। ਇਸ ਗ੍ਰੰਥੀ ਸਿੰਘ ਵਲੋਂ ਗੁਰਦੁਆਰਾ ਸਾਹਿਬ ਦੀ ਗੋਲਕ ਵਿਚੋਂ 20 ਲੱਖ ਡਾਲਰ ਲੁੱਟਣ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ ਅਤੇ ਅਦਾਲਤ ਵਲੋਂ ਬੇਹਿਸਾਬੀ ਜਾਇਦਾਦ ਦਾ ਹਿਸਾਬ-ਕਿਤਾਬ ਪੇਸ਼ ਕਰਨ ਦੇ ਹੁਕਮ ਦਿਤੇ ਗਏ ਹਨ।

ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਸਿਆ ਕਿ ਫ਼ਰਵਰੀ 2024 ਵਿਚ ਸੁਖਵਿੰਦਰ ਸਿੰਘ ਦੀ ਤਨਖ਼ਾਹ ਇਕ ਹਜ਼ਾਰ ਡਾਲਰ ਪ੍ਰਤੀ ਮਹੀਨਾ ਤੋਂ ਵਧਾ ਕੇ 1500 ਡਾਲਰ ਮਹੀਨਾ ਕੀਤੀ ਗਈ। ਸੀਮਤ ਤਨਖਾਹ ਦੇ ਬਾਵਜੂਦ ਲੱਖਾਂ ਡਾਲਰ ਦੀ ਬਰਾਮਦਗੀ ਬਾਰੇ ਅਦਾਲਤ ਨੇ ਸਪਸ਼ਟੀਕਰਨ ਮੰਗਿਆ ਤਾਂ ਸੁਖਵਿੰਦਰ ਸਿੰਘ ਦੇ ਵਕੀਲ ਸਟੀਵਨ ਬਰੇਨ ਵਲੋਂ ਮੋਹਲਤ ਦੀ ਮੰਗ ਕੀਤੀ ਗਈ ਪਰ ਰਾਹਤ ਨਾ ਮਿਲ ਸਕੀ।

ਮੈਨੀਟੋਬਾ ਕੋਰਟ ਆਫ਼ ਕਿੰਗਜ਼ ਬੈਂਚ ਦੀ ਜਸਟਿਸ ਸਾਰਾ ਇਨੈਸ ਨੇ ਕਿਹਾ ਕਿ ਅਪਰਾਧਕ ਮਾਮਲੇ ਦੀ ਸੁਣਵਾਈ ਦੌਰਾਨ ਸੁਖਵਿੰਦਰ ਸਿੰਘ ਨੂੰ ਚੁੱਪ ਰਹਿਣ ਦਾ ਹੱਕ ਹੈ ਪਰ ਸਿਵਲ ਕਾਰਵਾਈ ਦੌਰਾਨ ਇਹ ਹੱਕ ਨਹੀਂ ਮਿਲਦਾ ਅਤੇ ਜਾਇਦਾਦ ਦਾ ਹਿਸਾਬ ਕਿਤਾਬ ਦੇਣਾ ਹੀ ਪਵੇਗਾ। ਦਸਣਯੋਗ ਹੈ ਕਿ ਸੁਖਵਿੰਦਰ ਸਿੰਘ ਵਿਰੁਧ ਅਪਰਾਧਕ ਮੁਕੱਦਮਾ ਫ਼ਰਵਰੀ ਵਿਚ ਸ਼ੁਰੂ ਹੋਣਾ ਹੈ। (ਏਜੰਸੀ)