Canada ਵਿਚ ਕਾਰ ਪਾਰਕਿੰਗ ਅੰਦਰ ਸ਼ਰਾਬ ਪੀਂਦੇ ਪੰਜਾਬੀ ਲੜਕਾ ਤੇ ਲੜਕੀ ਹਥਿਆਰ ਸਣੇ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਦੋਵੇਂ ਦੋ ਕੁ ਸਾਲ ਪਹਿਲਾਂ ਸਟੱਡੀ ਵੀਜ਼ੇ 'ਤੇ ਆਏ ਸਨ ਵਿਦੇਸ਼

photo

ਵੈਨਕੂਵਰ ਪੁਲਿਸ ਨੇ ਰੁਟੀਨ ਚੈਕਿੰਗ ਦੌਰਾਨ ਸ਼ਾਪਿੰਗ ਮਾਲ ਦੀ ਪਾਰਕਿੰਗ ਵਿਚ ਕਾਰ ਲਗਾ ਕੇ ਸ਼ਰਾਬ ਪੀਂਦੇ ਅਤੇ ਭਰੀ ਹੋਈ ਨਾਜਾਇਜ਼ ਪਿਸਤੌਲ ਸਮੇਤ ਪੰਜਾਬ ਤੋਂ ਸਟੱਡੀ ਵੀਜ਼ੇ ’ਤੇ ਆਏ ਮੁੰਡੇ ਤੇ ਕੁੜੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਦੋਹਾਂ ਦੀ ਪਛਾਣ ਜਗਦੀਪ ਸੀਹਰਾ (20) ਅਤੇ ਗੁਨੀਕ ਜਵੰਦਾ (Jagdeep Sihra (20) and Gunik Jawanda) ਵਜੋਂ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਬਰੈਂਪਟਨ ਦੇ ਰਹਿਣ ਵਾਲੇ ਦੋਵੇਂ ਦੋ ਕੁ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਏ ਸੀ। ਪੀਲ ਪੁਲਿਸ ਅਨੁਸਾਰ ਮੁੰਡੇ ਵਿਰੁਧ ਵੱਖ-ਵੱਖ ਸੱਤ ਦੋਸ਼ ਅਤੇ ਕੁੜੀ ਵਿਰੁਧ ਪੰਜ ਦੋਸ਼ ਆਇਦ ਕੀਤੇ ਗਏ ਹਨ।

ਪੁਲਿਸ ਨੇ ਦਸਿਆ ਕਿ ਲੜਕਾ ਨਾਜਾਇਜ਼ ਬੰਦੂਕ ਰੱਖਣ ਦੇ ਮਾਮਲੇ ਵਿਚ ਪਹਿਲਾਂ ਹੀ ਜ਼ਮਾਨਤ ’ਤੇ ਸੀ ਅਤੇ ਅਦਾਲਤ ਵਲੋਂ ਉਸ ਉਤੇ ਅਸਲਾ ਤੇ ਸ਼ਰਾਬ ਤੋਂ ਦੂਰ ਰਹਿਣ ਦੀਆਂ ਜ਼ਮਾਨਤੀ ਸ਼ਰਤਾਂ ਆਇਦ ਸਨ ਜਦਕਿ ਲੜਕੀ ਕੁੱਝ ਹੀ ਮਹੀਨੇ ਪਹਿਲਾਂ ਹੀ ਬਾਲਗ਼ ਹੋਈ ਸੀ। ਪੁਲਿਸ ਬੁਲਾਰੇ ਨੇ ਦਸਿਆ ਕਿ ਉਨ੍ਹਾਂ ਕੋਲ ਸ਼ਿਕਾਇਤਾਂ ਸਨ ਕਿ ਬਰੈਮਲੀ ਸੈਂਟਰ ਮਾਲ ਦੀ ਪਾਰਕਿੰਗ ਵਿਚ ਗ਼ੈਰ ਸਮਾਜੀ ਅਨਸਰ ਗ਼ਲਤ ਹਰਕਤਾਂ ਕਰਦੇ ਹਨ।

ਇਸੇ ਵਾਸਤੇ ਉਥੇ ਖੜੇ ਸ਼ੱਕੀ ਵਾਹਨਾਂ ਦੀ ਪੜਤਾਲ ਕੀਤੀ ਜਾ ਰਹੀ ਸੀ ਤਾਂ ਦੋਵਾਂ ਨੂੰ ਕਾਲੇ ਰੰਗ ਦੇ ਪਿੱਕਅਪ ਵਿਚ ਸ਼ਰਾਬ ਪੀਂਦੇ ਵੇਖਿਆ ਗਿਆ। ਤਲਾਸ਼ੀ ਦੌਰਾਨ ਕਾਰ ਵਿਚੋਂ ਭਰੀ ਹੋਈ ਨਾਜਾਇਜ਼ ਪਿਸਤੌਲ ਵੀ ਮਿਲੀ। ਪੁਲਿਸ ਅਨੁਸਾਰ ਉਨ੍ਹਾਂ ਤੋਂ ਇਹ ਪੁਛਗਿੱਛ ਕੀਤੀ ਜਾਵੇਗੀ ਕਿ ਉਹ ਕੋਈ ਵਾਰਦਾਤ ਕਰਨ ਲਈ ਉਥੇ ਸਾਜਸ਼ ਤਾਂ ਨਹੀਂ ਸੀ ਘੜ ਰਹੇ।  (ਏਜੰਸੀ)