Canada News: ਕੈਨੇਡਾ ਵਿਚ ਇਲਾਜ ਦੌਰਾਨ ਬਜ਼ੁਰਗ ਦੀ ਦਾੜ੍ਹੀ ਤੇ ਕੇਸ ਕੱਟਣ ਦਾ ਮਾਮਲਾ, ਕੈਨੇਡਾ ਦੇ ਸਿਹਤ ਵਿਭਾਗ ਨੇ ਮੰਗੀ ਮੁਆਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Canada News: 85 ਸਾਲਾ ਜੋਗਿੰਦਰ ਸਿੰਘ ਕਲੇਰ ਦੀ ਡਾਕਟਰਾਂ ਨੇ ਬਿਨ੍ਹਾਂ ਆਗਿਆ ਦੀ ਦਾੜ੍ਹੀ ਕੀਤੀ ਸੀ ਸ਼ੇਵ

Man's beard cut during treatment in Canada News

 Man's beard cut during treatment in Canada News: ਕੈਨੇਡਾ ਦੇ ਇਕ ਹਸਪਤਾਲ ਵਿਚ ਦਾਖਲ ਬਜ਼ੁਰਗ ਸਿੱਖ ਦੀ ਦਾੜ੍ਹੀ ਉਸ ਦੀ ਮਰਜ਼ੀ ਤੋਂ ਬਗੈਰ ਸ਼ੇਵ ਕਰਨ ਦੇ ਮਾਮਲੇ ਵਿਚ ਕੈਨੇਡਾ ਦੇ ਸਿਹਤ ਵਿਭਾਗ ਨੇ ਮੁਆਫ਼ੀ ਮੰਗੀ ਹੈ। ਵਿਲੀਅਮ ਓਸਲਰ ਹੈਲਥ ਸਿਸਟਮ ਦੇ ਪ੍ਰਧਾਨ ਅਤੇ ਸੀਈਓ ਡਾ. ਫ੍ਰੈਂਕ ਮਾਰਟੀਨੋ ਅਤੇ ਬੋਰਡ ਦੇ ਚੇਅਰਪਰਸਨ ਪਰਦੀਪ ਸਿੰਘ ਗਿੱਲ ਨੇ ਬੁੱਧਵਾਰ ਨੂੰ ਜਨਤਕ ਤੌਰ 'ਤੇ ਮੁਆਫ਼ੀ ਜਾਰੀ ਕੀਤੀ।

ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ, ਅਸੀਂ ਧਾਰਮਿਕ ਅਤੇ ਸੱਭਿਆਚਾਰਕ ਦੇਖਭਾਲ ਦੇ ਰਿਵਾਜ਼ਾਂ ਨੂੰ ਠੀਕ ਤਰੀਕੇ ਨਾਲ ਫੋਲੋ ਨਹੀਂ ਕੀਤਾ, ਅਸੀਂ ਇੱਕ ਸਿੱਖ ਮਰੀਜ਼ ਦੀ ਦਾੜ੍ਹੀ ਬਿਨ੍ਹਾਂ ਉਸ ਦੀ ਰਜ਼ਾਮੰਦੀ ਅਤੇ ਬਿਨ੍ਹਾਂ ਕਿਸੇ ਦੀ ਆਗਿਆ ਦੇ ਸ਼ੇਵ ਕਰ ਦਿੱਤੀ। ਇਸ ਘਟਨਾ ਦੀ ਪੂਰੀ ਜ਼ਿੰਮੇਵਾਰੀ ਸਾਡੀ ਹੈ ਅਤੇ ਅਸੀਂ ਮਰੀਜ਼ ਅਤੇ ਉਸਦੇ ਪਰਿਵਾਰ ਤੋਂ ਆਪਣੀ ਤਹਿ ਦਿਲੋਂ ਮੁਆਫ਼ੀ ਮੰਗਦੇ ਹਾਂ।

 ਦੱਸ ਦੇਈਏ ਕਿ ਬਰੈਂਪਟਨ ਸਿਵਿਕ ਹਸਪਤਾਲ ਵਿਚ ਇਲਾਜ ਦੌਰਾਨ 85 ਸਾਲ ਦੇ ਜੋਗਿੰਦਰ ਸਿੰਘ ਕਲੇਰ ਦੀ ਦਾੜ੍ਹੀ ਸ਼ੇਵ ਕਰ ਦਿੱਤੀ ਗਈ ਸੀ ਜੋ ਧਾਰਮਿਕ ਹੱਕਾਂ ਅਤੇ ਨਿਜੀ ਸਤਿਕਾਰ ਦੀ ਸਰਾਸਰ ਉਲੰਘਣਾ ਬਣਦੀ ਹੈ। ਸਿੱਖ ਜੋਗਿੰਦਰ ਸਿੰਘ ਕਲੇਰ ਬੇਹੋਸ਼ ਸਨ ਜਿਸ ਦੇ ਮੱਦੇਨਜ਼ਰ ਹਸਪਤਾਲ ਵਾਲਿਆਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਕਰਦਿਆਂ ਦਾੜ੍ਹੀ ਸ਼ੇਵ ਕਰਨ ਦੀ ਇਜਾਜ਼ਤ ਮੰਗੀ ਪਰ ਪਰਿਵਾਰ ਨੇ ਇਸ ਤੋਂ ਇਨਕਾਰ ਕਰ ਦਿਤਾ। ਹਸਪਤਾਲ ਦੀ ਇਸ ਹਰਕਤ ਕਾਰਨ ਪਰਿਵਾਰ ਦੇ ਜਜ਼ਬਾਤਾਂ ਨੂੰ ਵੱਡੀ ਢਾਹ ਲੱਗੀ ਸੀ।

ਜ਼ਿਕਰਯੋਗ ਹੈ ਕਿ 26 ਜੁਲਾਈ ਨੂੰ ਪੌੜੀਆਂ ਤੋਂ ਡਿੱਗ ਕੇ ਜੋਗਿੰਦਰ ਸਿੰਘ ਕਲੇਰ ਬੇਹੋਸ਼ ਹੋ ਗਏ ਸਨ, ਜਿਸ ਮਗਰੋਂ ਉਨ੍ਹਾਂ ਨੂੰ ਬਰੈਂਪਟਨ ਸਿਵਿਕ ਹਸਪਤਾਲ ਲਿਜਾਇਆ ਗਿਆ। ਜੋਗਿੰਦਰ ਸਿੰਘ ਕਲੇਰ ਦੇ ਸਿਰ ਵਿਚ ਅੰਦਰੂਨੀ ਖੂਨ ਦਾ ਰਿਸਾਅ ਹੋ ਰਿਹਾਅ ਸੀ ਅਤੇ ਜਬਾੜੇ ਸਣੇ ਬਾਂਹ ਵਿਚ ਵੀ ਫਰੈਕਚਰ ਆਇਆ ਸੀ। ਸੇਂਟ ਮਾਈਕਲਜ਼ ਹਸਪਤਾਲ ਵਿਖੇ ਜਬਾੜੇ ਦੀ ਸਰਜਰੀ ਕੀਤੀ ਗਈ ਅਤੇ ਵਾਪਸ ਬਰੈਂਪਟਨ ਸਿਵਿਕ ਹਸਪਤਾਲ ਲਿਆਂਦਾ ਗਿਆ। ਸੇਂਟ ਮਾਈਕਲਜ਼ ਹਸਪਤਾਲ ਦੇ ਸਟਾਫ ਨੇ ਵੀ ਦਾੜ੍ਹੀ ਸ਼ੇਵ ਕਰਨ ਦੀ ਇਜਾਜ਼ਤ ਮੰਗੀ ਸੀ ਪਰ ਪਰਿਵਾਰ ਨੇ ਨਾਂਹ ਕਰ ਦਿਤੀ ਸੀ। ਪਰ ਹੁਣ ਕੈਨੇਡਾ ਦੇ ਸਿਹਤ ਵਿਭਾਗ ਨੇ ਆਫਣੀ ਗਲਤੀ ਲਈ ਮੁਆਫ਼ੀ ਮੰਗ ਲਈ ਹੈ।