ਇਟਲੀ ਵਿਚ ਪੰਜਾਬਣ ਮੁਟਿਆਰ ਨੇ ਵਧਾਇਆ ਭਾਰਤੀਆਂ ਦਾ ਮਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮੈਡੀਕਲ ਖੇਤਰ ਵਿਚ ਹਾਸਲ ਕੀਤੀ ਮਾਣ ਮੱਤੀ ਪ੍ਰਾਪਤੀ

Punjabi girl boosts Indian pride in Italy

ਰੋਮ ਇਟਲੀ : ਦੁਨੀਆਂ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇਗਾ ਜਿਥੇ ਮਿਹਨਤਕਸ਼ ਪੰਜਾਬੀਆਂ ਨੇ ਅਪਣੀ ਕਾਮਯਾਬੀ ਦੇ ਝੰਡੇ ਬੁਲੰਦ ਨਾ ਕੀਤੇ ਹੋਣ। ਵੱਡੇ ਵੱਡੇ ਕਾਰੋਬਾਰ ਸਥਾਪਤ ਕਰਨ ਤੋਂ ਲੈ ਕੇ ਵਿਦਿਅਕ ਅਦਾਰਿਆਂ ਤਕ ਵਿਚ, ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨੇ ਬੱਲੇ ਬੱਲੇ ਕਰਵਾ ਛੱਡੀ ਹੈ। 

ਇਟਲੀ ਵਿਚ ਰਹਿੰਦੇ ਪੰਜਾਬੀਆਂ ਦੀ ਪਹਿਲੀ ਪੀੜ੍ਹੀ ਨੇ ਜਿਥੇ ਅਪਣੀ ਸਖ਼ਤ ਮਿਹਨਤ ਤੇ ਇਮਾਨਦਾਰੀ ਦਾ ਲੋਹਾ ਮਨਾਇਆ ਸੀ ਉਥੇ ਹੀ ਹੁਣ ਪੰਜਾਬੀਆਂ ਦੀ ਦੂਜੀ ਪੀੜ੍ਹੀ ਵਿਦਿਅਕ ਅਦਾਰਿਆਂ ਵਿਚ ਵੱਡੀਆਂ ਮੱਲਾਂ ਮਾਰ ਰਹੀ ਹੈ ਜਿਸ ਕਰ ਕੇ ਆਏ ਦਿਨ ਕੋਈ ਨਾ ਕੋਈ ਨਵਾਂ ਇਤਿਹਾਸ ਬਣ ਰਿਹਾ ਹੈ।

ਇਥੋਂ ਦੇ ਸ਼ਹਿਰ ਚਿਸਤੇਰਨਾ ਦੀ ਲਾਤੀਨਾ ਦੇ ਵਸਨੀਕ ਨਛੱਤਰ ਸਿੰਘ ਤੇ ਮਾਤਾ ਜਸਪਾਲ ਕੌਰ ਦੀ ਲਾਡਲੀ ਧੀ ਪਵਨਦੀਪ ਕੌਰ ਨੇ ਰੋਮ ਯੂਨੀਵਰਸਿਟੀ ‘ਤੁਰ ਵਿਰਗਾਤਾ’ ਤੋਂ ਪੜ੍ਹਾਈ ਪੂਰੀ ਕਰਨ ਮਗਰੋਂ ਬੀਤੇ ਦਿਨ ਨਰਸਿੰਗ ਬੈਚਲਰ ਦੀ ਡਿਗਰੀ ਹਾਸਲ ਕੀਤੀ ਹੈ।

ਪਟਿਆਲਾ ਜ਼ਿਲ੍ਹੇ ਦੇ ਪਿੰਡ ਮਾਂਗੇਵਾਲ ਨਾਲ ਸਬੰਧਤ ਪਵਨਦੀਪ ਕੌਰ ਪਰਵਾਰ ਸਮੇਤ ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਚਿਸਤੇਰਨਾ ਦੀ ਲਾਤੀਨਾ ਵਿਖੇ ਰਹਿ ਰਹੀ ਹੈ, ਪਵਨਦੀਪ ਕੌਰ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉਸ ਨੂੰ ਇਸ ਮੁਕਾਮ ਤੇ ਪਹੁੰਚਾਉਣ ਵਿਚ ਮੇਰੇ ਮਾਤਾ ਪਿਤਾ ਤੇ ਪਰਵਾਰ ਵਲੋਂ ਪੂਰਾ ਸਹਿਯੋਗ ਦਿਤਾ ਗਿਆ ਹੈ।