ਸਿੱਖ ਫੌਜੀ ਵੀ ਪਾ ਸਕਣਗੇ ਹੈਲਮੇਟ, ਕਾਨਪੁਰ ਦੀ ਡਿਫੈਂਸ ਫੈਕਟਰੀ ਨੇ ਨਾਂ ਰੱਖਿਆ 'ਵੀਰ ਹੈਲਮੇਟ'
ਸਾਡੀ ਕੰਪਨੀ ਦਾ 'ਵੀਰ' ਹੈਲਮੇਟ ਬਹਾਦਰ ਸਿੱਖ ਸੈਨਿਕਾਂ ਦੀ ਜਾਨ ਦੀ ਰਾਖੀ ਲਈ ਹੈ। ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਨਹੀਂ ਪਹੁੰਚੇਗੀ।
ਨਵੀਂ ਦਿੱਲੀ - ਭਾਰਤ ਵਿਚ ਪਹਿਲੀ ਵਾਰ ਸਿੱਖ ਸੈਨਿਕਾਂ ਲਈ ਹੈਲਮੇਟ ਬਣਾਇਆ ਗਿਆ ਹੈ। ਇਸ ਨੂੰ ਪਟਕੇ ਅਤੇ ਦਸਤਾਰ ਦੇ ਉੱਪਰ ਪਹਿਨਿਆ ਜਾ ਸਕਦਾ ਹੈ। ਇਹ ਹੈਲਮੇਟ ਨਾ ਸਿਰਫ਼ ਹਲਕਾ ਹੈ, ਇਹ ਐਂਟੀ ਫੰਗਲ ਅਤੇ ਐਲਰਜੀ ਵਿਰੋਧੀ ਵੀ ਹੈ। ਇਸ ਨੂੰ ਕਾਨਪੁਰ ਸਥਿਤ ਗਲੋਬਲ ਡਿਫੈਂਸ ਐਂਡ ਹੋਮਲੈਂਡ ਸਕਿਓਰਿਟੀ ਕੰਪਨੀ MKU ਨੇ ਡਿਜ਼ਾਈਨ ਕੀਤਾ ਹੈ। ਕੰਪਨੀ ਮੁਤਾਬਕ ਇਸ ਹੈਲਮੇਟ ਦਾ ਮਾਡਲ Kavro SCH 111T ਹੈ। ਇਸ ਦਾ ਨਾਂ 'ਵੀਰ ਹੈਲਮੇਟ' ਰੱਖਿਆ ਗਿਆ ਹੈ। ਇਹ ਹੈਲਮੇਟ ਲੈਵਲ IIIA ਤੱਕ ਸਿਰ ਨੂੰ ਗੋਲੀਆਂ ਤੋਂ ਬਚਾਉਣ ਦੇ ਸਮਰੱਥ ਹੈ।
ਇਸ ਵਿੱਚ ਇੱਕ ਮਾਡਯੂਲਰ ਐਕਸੈਸਰੀ ਕਨੈਕਟਰ ਸਿਸਟਮ (MACS) ਵੀ ਹੈ। ਕੰਪਨੀ ਨੇ ਕਿਹਾ ਕਿ 'ਵੀਰ ਹੈਲਮੇਟ' ਦਾ ਡਿਜ਼ਾਈਨ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਸਿੱਖ ਫੌਜੀ ਇਸ ਨੂੰ ਆਪਣੀ ਪੱਗ ਦੇ ਹੇਠਾਂ ਕੱਪੜੇ (ਪਟਕਾ) ਦੇ ਉੱਪਰ ਆਰਾਮ ਨਾਲ ਪਹਿਨ ਸਕਦੇ ਹਨ। ਹੈਲਮੇਟ ਦਾ ਡਿਜ਼ਾਇਨ ਬੋਲਟ-ਮੁਕਤ ਹੈ, ਸੈਕੰਡਰੀ ਫਰੈਗਮੈਂਟੇਸ਼ਨ ਨੂੰ ਰੋਕਣ ਲਈ ਇਹ ਬੇਹੱਦ ਆਰਾਮਦਾਇਕ ਹੈ। ਇਹ ਹੈਲਮੇਟ ਸ਼ਾਕ ਪਰੂਫ ਅਤੇ ਕੈਮੀਕਲ ਸੁਰੱਖਿਅਤ ਹੈ।
ਕੰਪਨੀ ਦਾ ਕਹਿਣਾ ਹੈ ਕਿ ਭਾਰਤੀ ਫੌਜ ਵਿੱਚ ਭਰਤੀ ਸਿੱਖਾਂ ਲਈ ਇਹ ਵੱਖਰੀ ਕਿਸਮ ਦਾ ਪਹਿਲਾ ਹੈਲਮੇਟ ਹੈ। ਇਹ ਸਿੱਖ ਸੈਨਿਕਾਂ ਦੀ ਬਹਾਦਰੀ ਨੂੰ ਸਮਰਪਿਤ ਹੈ, ਕਿਉਂਕਿ ਸਿੱਖ ਨੌਜਵਾਨ ਹਥਿਆਰਬੰਦ ਬਲਾਂ, ਕੇਂਦਰੀ ਪੁਲਿਸ ਅਤੇ ਅਰਧ ਸੈਨਿਕ ਬਲਾਂ ਵਿੱਚ ਵੱਡੀ ਗਿਣਤੀ ਵਿੱਚ ਸੇਵਾ ਕਰਦੇ ਹਨ। MKU ਦੇ ਐਮਡੀ ਨੀਰਜ ਗੁਪਤਾ ਅਨੁਸਾਰ, 'ਇੱਕ ਸਿੱਖ ਲਈ ਦਸਤਾਰ ਉਸ ਦਾ ਮਾਣ ਹੈ। ਸਾਡੀ ਕੰਪਨੀ ਦਾ 'ਵੀਰ' ਹੈਲਮੇਟ ਬਹਾਦਰ ਸਿੱਖ ਸੈਨਿਕਾਂ ਦੀ ਜਾਨ ਦੀ ਰਾਖੀ ਲਈ ਹੈ। ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਨਹੀਂ ਪਹੁੰਚੇਗੀ।
ਐਮਕੇਯੂ ਦੇ ਚੇਅਰਮੈਨ ਮਨੋਜ ਗੁਪਤਾ ਨੇ ਕਿਹਾ ਕਿ ਅਸੀਂ ਆਪਣੇ ਸਿੱਖ ਸੈਨਿਕਾਂ ਦੇ ਸਿਰ ਦੀ ਸੁਰੱਖਿਆ ਦੀ ਜ਼ਰੂਰਤ ਦੇਖੀ ਹੈ। ਰਾਸ਼ਟਰੀ ਸੁਰੱਖਿਆ ਵਿਚ ਇੰਨਾ ਯੋਗਦਾਨ ਪਾਉਣ ਦੇ ਬਾਵਜੂਦ, ਸਿੱਖ ਸੈਨਿਕਾਂ ਕੋਲ ਹੈਲਮਟ ਨਹੀਂ ਹਨ ਜੋ ਬੈਲਿਸਟਿਕ ਖਤਰਿਆਂ ਤੋਂ ਬਚਣ ਲਈ ਆਰਾਮ ਨਾਲ ਪਹਿਨੇ ਜਾ ਸਕਦੇ ਹਨ। ਇਸ ਲਈ ਅਸੀਂ ਇਸ ਨੂੰ ਬਣਾਉਣ ਦਾ ਫੈਸਲਾ ਕੀਤਾ।
MKU ਭਾਰਤ ਦੀਆਂ ਕੁਝ ਕੰਪਨੀਆਂ ਵਿਚੋਂ ਇੱਕ ਹੈ ਜਿਸ ਨੇ 100 ਤੋਂ ਵੱਧ ਦੇਸ਼ਾਂ ਦੀ ਫੌਜ, ਅਰਧ ਸੈਨਿਕ, ਪੁਲਿਸ ਅਤੇ ਵਿਸ਼ੇਸ਼ ਬਲਾਂ ਲਈ ਆਪਟ੍ਰੋਨਿਕ ਅਤੇ ਬੈਲਿਸਟਿਕ ਸੁਰੱਖਿਆ ਉਪਕਰਣ ਤਿਆਰ ਕੀਤੇ ਹਨ। ਉਸ ਦਾ ਭਾਰਤ ਅਤੇ ਜਰਮਨੀ ਵਿੱਚ ਆਪਰੇਸ਼ਨ ਹੈ। ਕੰਪਨੀ ਨੇ ਹੁਣ ਤੱਕ 230 ਬਲਾਂ ਵਿਚ 30 ਲੱਖ ਤੋਂ ਵੱਧ ਸੈਨਿਕਾਂ ਅਤੇ 3000 ਤੋਂ ਵੱਧ ਪਲੇਟਫਾਰਮਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ।