ਘਰੋਂ ਕੱਢਣ ਦਾ ਨਹੀਂ, ਪੱਗ ਲਾਹੁਣ ਦਾ ਜ਼ਿਆਦਾ ਦੁਖ: ਗੁਲਾਬ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਫ਼ਸਰ ਗੁਲਾਬ ਸਿੰਘ ਸ਼ਾਹੀਨ...

Manjinder Singh Sirsa

ਨਵੀਂ ਦਿੱਲੀ,  ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਫ਼ਸਰ ਗੁਲਾਬ ਸਿੰਘ ਸ਼ਾਹੀਨ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਜਿਨ੍ਹਾਂ ਨੂੰ ਕੱਲ ਪਾਕਿਸਤਾਨ ਵਿਚ ਅਪਣੇ ਘਰ ਵਿਚੋਂ ਬਾਹਰ ਕੱਢ ਦਿਤਾ ਗਿਆ ਸੀ ਅਤੇ ਉਨ੍ਹਾਂ ਦੀ ਦਸਤਾਰ ਲਾਹੁਣ ਸਮੇਤ ਬਦਸਲੂਕੀ ਕੀਤੀ ਗਈ ਸੀ।

ਸਿਰਸਾ ਨੇ ਉਨ੍ਹਾਂ ਨੂੰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦੁਆਇਆ। ਗੁਲਾਬ ਸਿੰਘ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਦੁਖ ਘੱਟ ਹੈ ਕਿ ਉਸ ਨੂੰ ਘਰੋਂ ਕਢਿਆ ਗਿਆ ਪਰ ਇਸ ਦਾ ਦੁਖ ਜ਼ਿਆਦਾ ਹੈ ਕਿ ਉਸ ਦੀ ਪੱਗ ਲਾਹ ਦਿਤੀ ਗਈ ਤੇ ਉਸ ਦੀਆਂ ਧਾਰਮਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਤੇ ਉਹ ਉਸ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਠੇਸ ਬਦਲੇ ਦੋਸ਼ੀਆਂ ਨੂੰ ਸਜ਼ਾ ਦੁਆਉਣੀ ਚਾਹੁੰਦਾ ਹੈ।

ਸਿਰਸਾ ਨੇ ਦਸਿਆ ਕਿ ਗੁਲਾਬ ਸਿੰਘ ਨੇ ਉਨ੍ਹਾਂ ਨੂੰ ਦਸਿਆ ਕਿ ਉਸ ਨੂੰ ਪਾਕਿਸਤਾਨ ਵਿਚ ਜਾਣਬੁਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਸ ਨੂੰ ਦਿੱਲੀ ਕਮੇਟੀ ਤੇ ਸ਼੍ਰ੍ਰੋਮਣੀ ਕਮੇਟੀ ਵਰਗੀਆਂ ਸੰਸਥਾਵਾਂ ਤੋਂ ਮਦਦ ਦੀ ਜ਼ਰੂਰਤ ਹੈ। ਉਸ ਨੇ ਇਹ ਵੀ ਦਸਿਆ ਕਿ ਜੇ ਇਨ੍ਹਾਂ ਸੰਗਠਨਾਂ ਨੇ ਪਾਕਿਸਤਾਨ ਵਿਚਲੇ ਸਿੱਖਾਂ ਦੀ ਮਦਦ ਨਾ ਕੀਤੀ ਤਾਂ ਪਾਕਿਸਤਾਨ ਵਿਚੋਂ ਸਿੱਖ ਖ਼ਤਮ ਹੋ ਜਾਣਗੇ।

ਉਨ੍ਹਾਂ ਦਸਿਆ ਕਿ ਪਾਕਿਸਤਸਾਨ ਵਿਚ ਓਕਾਫ਼ ਬੋਰਡ ਦੇ ਮੁਖੀ ਤਾਰਿਕ ਵਜ਼ੀਰ ਗੁਰਘਰਾਂ ਦੀ ਬੇਸ਼ਕੀਮਤੀ ਜ਼ਮੀਨ ਹੜਪ ਕੇ ਉਥੇ ਮਾਲ ਬਣਾਉਣਾ ਚਾਹੁੰਦਾ ਹੈ ਕਿਉਂਕਿ ਪਹਿਲਾਂ ਵੀ ਅਜਿਹੀਆਂ ਥਾਵਾਂ 'ਤੇ ਕਬਜ਼ੇ ਕਰ ਕੇ ਇਨ੍ਹਾਂ ਨੂੰ ਵੇਚ ਚੁੱਕਾ ਹੈ। ਸਿਰਸਾ ਨੇ ਗੁਲਾਬ ਸਿੰਘ ਨੂੰ ਭਰੋਸਾ ਦੁਆਇਆ ਕਿ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਉਸ ਦੇ ਕੇਸ ਦੀ ਸਥਾਨਕ ਸਫ਼ਾਰਤਖ਼ਾਨੇ ਕੋਲ ਪੈਰਵੀ ਕਰ ਰਹੇ ਹਨ ਪਰ ਹਾਲੇ ਤਕ ਫ਼ੋਨਾਂ ਦਾ ਜਵਾਬ ਨਹੀਂ ਦਿਤਾ ਜਾ ਰਿਹਾ ।

ਉਨ੍ਹਾਂ ਕਿਹਾ ਕਿ ਗੁਲਾਬ ਸਿੰਘ ਪਾਕਿਸਤਾਨ ਪੁਲਿਸ ਵਿਚ ਪਹਿਲਾ ਸਿੱਖਾ ਅਫ਼ਸਰ ਹੈ ਅਤੇ ਜੇ ਇਕ ਪੁਲਿਸ ਅਫ਼ਸਰ ਨਾਲ ਇਤਨੀ ਜ਼ਿਆਦਤੀ ਤੇ ਬਦਸਲੂਕੀ ਹੋ ਰਹੀ ਹੈ ਤਾਂ ਫਿਰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਕਿੰਨੀ ਦਹਿਸ਼ਤ ਦੇ ਸਾਏ ਵਿਚ ਰਹਿੰਦੀਆਂ ਹੋਣਗੀਆਂ।