ਕਤਲ ਕੇਸ ’ਚ ਪੰਜਾਬੀ ਮੂਲ ਦੇ ਦੋ ਕੈਨੇਡੀਆਈ ਨੌਜੁਆਨਾਂ ਨੂੰ ਮਿਲੀ ਕੈਦ ਦੀ ਸਜ਼ਾ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

30 ਸਾਲਾਂ ਦੇ ਐਂਡਰਿਊ ਬਾਲਡਵਿਨ ਦਾ 11 ਨਵੰਬਰ, 2019 ਨੂੰ ਹੋਇਆ ਸੀ ਕਤਲ

Andrew Baldwin

ਟੋਰਾਂਟੋ: ਭਾਰਤੀ ਮੂਲ ਦੇ ਦੋ ਕੈਨੇਡੀਅਨ ਨੌਜੁਆਨਾਂ ਨੂੰ ਇਕ ਵਿਅਕਤੀ ਦੇ ਕਤਲ ਕੇਸ ’ਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਕੈਦ ਦੀ ਸਜ਼ਾ ਸੁਣਾਈ ਗਈ ਹੈ। 24 ਸਾਲ ਦੇ ਦੋਵੇਂ ਨੌਜੁਆਨ ਨਸ਼ਿਆਂ ਦੀ ਵਰਤੋਂ ਅਤੇ ਤਸਕਰੀ ਕਰਨ ਵਾਲੇ 30 ਸਾਲਾਂ ਦੇ ਐਂਡਰਿਊ ਬਾਲਡਵਿਨ ਦੇ 11 ਨਵੰਬਰ, 2019 ਨੂੰ ਹੋਏ ਕਤਲ ਕੇਸ ’ਚ ਸ਼ਾਮਲ ਸਨ। ਉਸ ਦਾ ਇਕ ਤੀਜੇ ਵਿਅਕਤੀ ਨੇ ਚਾਕੂ ਮਾਰ ਕੇ ਕਤਲ ਕਰ ਦਿਤਾ ਗਿਆ ਸੀ।

ਐਂਡਰਿਊ ’ਤੇ ਨਸ਼ਿਆਂ ਤੋਂ ਪ੍ਰਾਪਤ ਪੈਸੇ ਖ਼ੁਦ ਕੋਲ ਰੱਖਣ ਦਾ ਦੋਸ਼ ਲਾਉਂਦਿਆਂ ਕਤਲ ਕਰ ਦਿਤਾ ਗਿਆ ਸੀ। ਅਪਣੇ ਕਤਲ ਸਮੇਂ ਉਹ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ’ਚ ਵ੍ਹੇਲੀ ਵਿਖੇ ਇਕ ਬੇਸਮੈਂਟ ਅਪਾਰਟਮੈਂਟ ’ਚ ਫਿਲਮ ਵੇਖ ਰਿਹਾ ਸੀ।

‘ਵੈਨਕੂਵਰ ਸਨ’ ਅਖਬਾਰ ’ਚ ਛਪੀ ਖ਼ਬਰ ਅਨੁਸਾਰ ਜਗਪਾਲ ਸਿੰਘ ਹੋਠੀ ’ਤੇ ਫਸਟ-ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ, ਜਦਕਿ ਉਸ ਦੇ ਦੋਸਤ ਅਤੇ ਸਾਥੀ ਜਸਮਨ ਸਿੰਘ ਬਸਰਾਨ, ਜਿਸ ਨੇ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ, ’ਤੇ ਸਹਾਇਕ ਹੋਣ ਦਾ ਦੋਸ਼ ਲਗਾਇਆ ਗਿਆ ਸੀ।

ਬੀ.ਸੀ. ਨਿਊ ਵੈਸਟਮਿੰਸਟਰ ’ਚ ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਹੋਠੀ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ, ਜਿਸ ’ਚ ਸੁਣਵਾਈ ਦੌਰਾਨ ਹਿਰਾਸਤ ਦੌਰਾਨ ਕੱਟੀ 3.5 ਮਹੀਨੇ ਦੀ ਜੇਲ ਦਾ ਸਮਾਂ ਵੀ ਸ਼ਾਮਲ ਹੋਵੇਗਾ। ਬਸਰਾਨ ਨੂੰ 18 ਮਹੀਨਿਆਂ ਦੀ ਸ਼ਰਤਾਂ ਅਧੀਨ ਸਜ਼ਾ ਸੁਣਾਈ ਗਈ, ਭਾਵ ਉਹ ਅਪਣੇ ਘਰ ’ਚ ਹੀ ਇਹ ਸਜ਼ਾ ਕੱਟੇਗਾ।

ਇਸ ਸਾਲ ਦੇ ਸ਼ੁਰੂ ’ਚ ਇਕ ਤੀਜੇ ਵਿਅਕਤੀ, ਜੌਰਡਨ ਬੌਟਮਲੇ, ਜਿਸ ਨੂੰ ਵੀ ਬਾਲਡਵਿਨ ਦੇ ਕਤਲ ਦਾ ਦੋਸ਼ੀ ਮੰਨਿਆ ਸੀ। ਉਸ ਦੀ ਸਜ਼ਾ ਨੂੰ ਅੱਠ ਤੋਂ ਘਟਾ ਕੇ ਤਿੰਨ ਸਾਲ ਅਤੇ 38 ਦਿਨ ਕਰ ਦਿਤਾ ਗਿਆ ਸੀ। ਬੌਟਮਲੇ ਨੇ ਬਾਲਡਵਿਨ ਨੂੰ ਛੇ ਵਾਰ ਚਾਕੂ ਮਾਰਿਆ ਸੀ ਅਤੇ ਉਸ ਦਾ ਇਕ ਵਾਰ ਦਿਲ ’ਚ ਲੱਗਾ ਜੋ ਘਾਤਕ ਬਣਿਆ। 

ਕਤਲ ’ਚ ਸ਼ਾਮਲ ਚੌਥੇ ਵਿਅਕਤੀ ਮੁਨਰੂਪ ਹੇਅਰ ’ਤੇ ਪਹਿਲੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਸ ਨੇ ਅਜੇ ਤਕ ਮੁਕੱਦਮੇ ਦਾ ਸਾਹਮਣਾ ਕਰਨਾ ਬਾਕੀ ਹੈ।

ਜਸਟਿਸ ਮਾਰਥਾ ਐੱਮ. ਡਵਲਿਨ ਨੇ ਅਪਣੇ ਫੈਸਲਿਆਂ ’ਚ ਲਿਖਿਆ ਕਿ ਬੌਟਮਲੇ, ਹੋਠੀ ਅਤੇ ਬਾਲਡਵਿਨ ਸਥਾਨਕ ਨਸ਼ੀਲੇ ਪਦਾਰਥਾਂ ਦੇ ਵਪਾਰ ’ਚ ਇਕ ਚੌਥੇ ਵਿਅਕਤੀ ਲਈ ਕੰਮ ਕਰਦੇ ਸਨ।

ਵਾਰਦਾਤ ਵਾਲੀ ਰਾਤ ਨੂੰ ਹੋਠੀ ਨੇ ਡਰਾਈਵਿੰਗ ਕਰਨ ਲਈ ਅਪਣੇ ਦੋਸਤ ਬਰਸਾਨ, ਜਿਸ ਕੋਲ ਫੋਰਡ F150 ਟਰੱਕ ਸੀ, ਨੂੰ ਬੁਲਾਇਆ। ਹੋਠੀ ਨਾਲ ਬੌਟਮਲੇ ਵੀ ਸੀ ਅਤੇ ਬਰਸਾਨ ਨੂੰ ਇਹ ਨਹੀਂ ਦਸਿਆ ਗਿਆ ਕਿ ਉਹ ਕੀ ਕਰਨ ਜਾ ਰਹੇ ਹਨ। 

ਬੌਟਮਲੇ ਚਾਕੂ ਨਾਲ ਬਾਲਡਵਿਨ ਦੇ ਘਰ ਦਾਖ਼ਲ ਹੋਇਆ ਅਤੇ ਉਸ ’ਤੇ ਹਮਲਾ ਕਰ ਦਿਤਾ। 90 ਸਕਿੰਟਾਂ ਬਾਅਦ ਬੌਟਮਲੇ ਖੂਨ ਨਾਲ ਲਹੂ-ਲੁਹਾਨ ਟਰੱਕ ਵੱਲ ਵਾਪਸ ਪਰਤਿਆ ਅਤੇ ਥੋੜ੍ਹੀ ਦੇਰ ਬਾਅਦ ਬਸਰਾਨ ਨੇ ਉਸ ਨੂੰ ਟਰੱਕ ’ਚੋਂ ਬਾਹਰ ਨਿਕਲਣ ਦਾ ਹੁਕਮ ਦਿਤਾ।

ਬਸਰਾਨ ਅਤੇ ਹੋਠੀ ਨੇ ਪਹਿਲਾਂ ਰਾਤ ਸਮੇਂ ਗੱਡੀ ’ਚੋਂ ਖ਼ੂਨ ਨੂੰ ਸਾਫ਼ ਕੀਤਾ ਅਤੇ ਅਗਲੇ ਦਿਨ, ਬਸਰਾਨ ਨੇ ਅਪਣੀ ਕਾਰ ਨੂੰ ਪੇਸ਼ੇਵਰ ਤੌਰ ’ਤੇ ਸਾਫ਼ ਕਰਨ ਲਈ ਇਕ ਡਿਟੇਲਰ ’ਚ ਲੈ ਗਿਆ, ਅਤੇ ਇਸ ਦੀ ਇਕ ਤਸਵੀਰ ਹੋਠੀ ਨੂੰ ਭੇਜੀ।

ਹੋਠੀ ਨੂੰ ਸਜ਼ਾ ਸੁਣਾਉਂਦੇ ਹੋਏ, ਜੱਜ ਡੇਵਲਿਨ ਨੇ ਨੋਟ ਕੀਤਾ, ‘‘ਇਸ ਵਪਾਰ ’ਚ ਆਮ ਹੁੰਦੀ ਹਿੰਸਾ ਬਾਰੇ ਉਸ ਦੀ ਜਾਗਰੂਕਤਾ ਦੇ ਕਾਰਨ ਹੀ ਉਹ ਜਾਣਬੁੱਝ ਕੇ ਅਵੇਸਲਾ ਬਣਿਆ ਰਿਹਾ, ਬੌਟਮਲੇ ਕਤਲੇਆਮ ਦੇ ਸਥਾਨ ’ਤੇ ਕੀ ਕਰਨ ਦਾ ਇਰਾਦਾ ਰੱਖਦਾ ਸੀ।’’ ਜੱਜ ਨੇ ਅੱਗੇ ਕਿਹਾ ਕਿ ਹੋਠੀ ਨੇ ਸਬੂਤ ਮਿਟਾਉਣ ਦੀ ਵੀ ਕੋਸ਼ਿਸ਼ ਕੀਤੀ। ਜੱਜ ਨੇ ਇਹ ਵੀ ਕਿਹਾ ਕਿ ਅਪਰਾਧ ਦੀਆਂ ਸਥਿਤੀਆਂ ’ਚ ਬਸਰਾਨ ਦੀ ਸ਼ਮੂਲੀਅਤ ‘ਗੈਰ-ਯੋਜਨਾਬੱਧ’ ਸੀ।