ਆਸਕਰ ਦੀ ਦੌੜ 'ਚ American Sikh, ਤਾਅਨਿਆਂ ਕਰ ਕੇ ਕੇਸ ਕਤਲ ਕੀਤੇ ਫਿਰ ਫ਼ਿਲਮ ਬਣਾ ਕੇ ਸਿੱਖ ਨੇ ਦੱਸੀ ਹੱਡਬੀਤੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

‘ਅਮੈਰਿਕਨ ਸਿੱਖ’ ਫ਼ਿਲਮ ਵਿੱਚ ਬਤੌਰ ‘ਸਿੱਖ ਕੈਪਟਨ ਅਮੈਰਿਕਾ’ ਵਿਸ਼ਵਜੀਤ ਦਾ ਕਿਰਦਾਰ

Vishwajeet Singh

 American Sikh  - ਅਮਰੀਕੀ ਸਿੱਖ ਵਿਸ਼ਵਜੀਤ ਸਿੰਘ ਆਸਕਰ ਤੱਕ ਪਹੁੰਚ ਗਿਆ ਉਹ ਵੀ ਆਪਣੀ ਕਹਾਣੀ ਸਦਕਾ। ‘ਅਮੈਰਿਕਨ ਸਿੱਖ’ ਫ਼ਿਲਮ ਅਮਰੀਕੀ ਸਿੱਖ ਵਿਸ਼ਵਜੀਤ ਸਿੰਘ ਦੀ ਕਹਾਣੀ ਉੱਤੇ ਅਧਾਰਿਤ ਹੈ। ਵਿਸ਼ਵਜੀਤ ਸਿੰਘ ਇਸ ਫ਼ਿਲਮ ਦੇ ਸਹਿ-ਨਿਰਦੇਸ਼ਕ ਤੇ ਪ੍ਰੋਡਿਊਸਰ ਵੀ ਹਨ ਅਤੇ ਉਨ੍ਹਾਂ ਨੇ ਇਹ ਫ਼ਿਲਮ ਨਿਰਦੇਸ਼ਕ ਰਿਆਨ ਵੇਸਤਰਾ ਨਾਲ ਮਿਲ ਕੇ ਬਣਾਈ ਹੈ।

ਵਿਸ਼ਵਜੀਤ ਸਿੰਘ ਉੱਤੇ ਰਿਆਨ ਵੇਸਤਰਾ ਪਹਿਲਾਂ ਵੀ ਇੱਕ ਡਾਕੂਮੈਂਟਰੀ ‘ਰੈੱਡ, ਵ੍ਹਾਈਟ ਐਂਡ ਬੀਅਰਡ’ ਬਣਾ ਚੁੱਕੇ ਹਨ। ਉੱਥੋਂ ਹੀ 2019 ਦਰਮਿਆਨ ‘ਅਮੈਰਿਕਨ ਸਿੱਖ’ ਫ਼ਿਲਮ ਦਾ ਮੁੱਢ ਬੱਝਦਾ ਹੈ। ‘ਰੈੱਡ, ਵ੍ਹਾਈਟ ਐਂਡ ਬੀਅਰਡ’ ਫ਼ਿਲਮ ਰਾਹੀਂ ਰਿਆਨ ਇਹ ਦਿਖਾ ਚੁੱਕੇ ਹਨ ਕਿ ਜਦੋਂ ਵਿਸ਼ਵਜੀਤ ਕੈਪਟਨ ਅਮੈਰਿਕਾ ਵਾਲੇ ਕੱਪੜੇ ਪਾਉਂਦਾ ਹੈ ਤਾਂ ਲੋਕ ਉਸ ਨਾਲ ਚੰਗਾ ਵਤੀਰਾ ਰੱਖਦੇ ਹਨ ਪਰ ਜਿਵੇਂ ਹੀ ਉਹ ਪਹਿਰਾਵਾ ਬਦਲਦਾ ਹੈ ਤਾਂ ਲੋਕਾਂ ਦਾ ਵਿਹਾਰ ਵੀ ਬਦਲ ਜਾਂਦਾ ਹੈ। 

ਇਸੇ ਗੱਲ ਨੂੰ ਧਿਆਨ ਵਿਚ ਰੱਖਦਿਆਂ ਰਿਆਨ ਨੇ 2018-19 ਦਰਮਿਆਨ ਸਿੱਖਾਂ ਬਾਰੇ ਦੁਨੀਆਂ ਨੂੰ ਹੋਰ ਦੱਸਣ ਦੇ ਇਰਾਦੇ ਨਾਲ ‘ਅਮੈਰਿਕਨ ਸਿੱਖ’ ਫ਼ਿਲਮ ਦਾ ਵਿਚਾਰ ਰੱਖਿਆ। ਅਮੈਰਿਕਨ ਸਿੱਖ’ ਬਾਰੇ ਜ਼ਿਕਰ ਕਰਦਿਆਂ ਵਿਸ਼ਵਜੀਤ ਕਹਿੰਦੇ ਹਨ ਕਿ ‘‘ਅਸੀਂ ਚਾਰ ਸਾਲ ਲਗਾਏ, ਪੈਸੇ ਇਕੱਠੇ ਕੀਤੇ ਅਤੇ ਫ਼ਿਲਮ ਬਣਾਈ।’’ਤਕਰਬੀਨ 10 ਮਿੰਟਾਂ ਦੀ ਇਸ ਐਨੀਮੇਸ਼ਨ ਸ਼ੌਰਟ ਫ਼ਿਲਮ ਦੀ ਸ਼ੁਰੂਆਤ ਭਾਰਤ ਵਿਚ ਹੋਏ 1984 ਦੇ ਸਿੱਖ ਕਤਲੇਆਮ ਤੋਂ ਹੁੰਦੀ ਹੈ।

ਜਦੋਂ ਵਿਸ਼ਵਜੀਤ ਸਿੰਘ ਮਹਿਜ਼ ਚਾਰ ਸਾਲ ਦੇ ਸਨ ਤਾਂ ਉਨ੍ਹਾਂ ਦਾ ਪਰਿਵਾਰ ਭਾਰਤ ਆਉਂਦਾ ਹੈ, ਦਿੱਲੀ ਵਿਚ ਵਿਸ਼ਵਜੀਤ ਸਿੰਘ ਇੱਕ ਸਿੱਖ ਸਕੂਲ ਵਿਚ ਪਹਿਲੀ ਤੋਂ 12ਵੀਂ ਤੱਕ ਦੀ ਪੜ੍ਹਾਈ ਕਰਦੇ ਹਨ। ਉਨ੍ਹਾਂ ਦੀ ਸਕੂਲੀ ਪੜ੍ਹਾਈ ਦੌਰਾਨ ਹੀ 1984 ਦੀ ਸਿੱਖ ਨਸਲਕੁਸ਼ੀ ਹੁੰਦੀ ਹੈ। ਵਿਸ਼ਵਜੀਤ ਸਿੰਘ ਅਮਰੀਕਾ ਦੇ ਨਾਗਰਿਕ ਹਨ ਇਸ ਲਈ ਉਹ ਭਾਰਤ ਵਿਚ ਹਾਈ ਸਕੂਲ ਦੀ ਪੜ੍ਹਾਈ ਮੁਕੰਮਲ ਕਰਨ ਮਗਰੋਂ ਅਮਰੀਕਾ ਵਾਪਸ ਚਲੇ ਗਏ।

ਵਿਸ਼ਵਜੀਤ ਆਪਣੀ ਕਾਲਜ ਦੀ ਪੜ੍ਹਾਈ ਅਮਰੀਕਾ ਵਿਚ ਹੀ ਪੂਰੀ ਕਰਦੇ ਹਨ ਅਤੇ ਇਸ ਮਗਰੋਂ ਕੰਮ ਦੀ ਭਾਲ ਵਿਚ ਲਗਦੇ ਹਨ। ਕਈ ਸਾਲ ਲੰਘ ਜਾਣ ਤੋਂ ਬਾਅਦ 11 ਸਤੰਬਰ 2001 ਨੂੰ ਜਦੋਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਵਰਲਡ ਟ੍ਰੇਡ ਸੈਂਟਰ ਉੱਤੇ ਅਲ ਕਾਇਦਾ ਵੱਲੋਂ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਅਲ ਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਦੀਆਂ ਤਸਵੀਰਾਂ ਪੂਰੀ ਦੁਨੀਆ ਵਿਚ ਖ਼ਬਰਾਂ ਦਾ ਹਿੱਸਾ ਬਣਦੀਆਂ ਹਨ। ਲਾਦੇਨ ਦੇ ਖੁੱਲ੍ਹੇ ਦਾੜੇ ਅਤੇ ਸਿਰ ਉੱਤੇ ਦਸਤਾਰ ਵਾਲੀ ਦਿੱਖ ਅਮਰੀਕਾ ਹੀ ਨਹੀਂ ਦੁਨੀਆ ਭਰ ਵਿੱਚ ਰਹਿੰਦੇ ਸਿੱਖਾਂ ਲਈ ਚਿੰਤਾ ਦਾ ਸਬੱਬ ਬਣਦੀਆਂ ਹਨ।

ਉਨ੍ਹਾਂ ਵਿਚੋਂ ਹੀ ਇੱਕ ਸਿੱਖ ਵਿਸ਼ਵਜੀਤ ਸਿੰਘ ਪ੍ਰਤੀ ਲੋਕਾਂ ਦਾ ਵਤੀਰਾ ਬਦਲ ਜਾਂਦਾ ਹੈ। 9/11 ਦੇ ਹਮਲੇ ਮਗਰੋਂ ਕੋਈ ਉਨ੍ਹਾਂ ਨੂੰ ਤਾਲਿਬਾਨ ਕਹਿੰਦਾ, ਕੋਈ ਗਾਲ੍ਹਾਂ ਕੱਢਦਾ ਤਾਂ ਕੋਈ ਹੋਰ ਮਾੜੇ ਸ਼ਬਦਾਂ ਦਾ ਇਸਤੇਮਾਲ ਕਰਦਿਆਂ ਤਾਅਨੇ ਮਹਿਨੇ ਮਾਰਦਾ ਸੀ ਤਾਂ ਇਸ ਸਾਰੇ ਵਰਤਾਰੇ 'ਤੇ ਬਣੀ ਇਸ ਫ਼ਿਲਮ ਦੀ ਕਈ ਫ਼ਿਲਮ ਫ਼ੈਸਟੀਵਲਾਂ ਵਿਚ ‘ਅਮੈਰਿਕਨ ਸਿੱਖ’ ਫ਼ਿਲਮ ਦੀ ਸਕ੍ਰੀਨਿੰਗ ਅਤੇ ਐਵਾਰਡ ਜਿੱਤਣ ਮਗਰੋਂ ਆਸਕਰ ਲਈ ਐਂਟਰੀ ਤਾਂ ਹੋ ਗਈ

ਪਰ ਅਜੇ ਅਗਲੇ ਪੜਾਅ ਬਾਕੀ ਹਨ। ਵਿਸ਼ਵਜੀਤ ਸਿੰਘ ਮੁਤਾਬਕ ਐਨੀਮੇਸ਼ਨ ਸ਼ੌਰਟ ਫ਼ਿਲਮ ਦੀ ਕੈਟੇਗਰੀ ਵਿਚ ਇਹ ਫ਼ਿਲਮ ਭੇਜੀ ਗਈ ਹੈ, ਇਸ ਕੈਟੇਗਰੀ ਵਿਚ ਕੁੱਲ 15 ਫ਼ਿਲਮਾਂ ਹਨ।‘‘ਇਸ ਤੋਂ ਅਗਲਾ ਪੜਾਅ ਵੋਟਿੰਗ ਦਾ ਹੁੰਦਾ ਹੈ, ਜੋ ਦਸੰਬਰ ਦੇ ਆਖ਼ਿਰ ਵਿਚ ਹੁੰਦੀ ਹੈ। ਇਸ ਕੈਟੇਗਰੀ ਅਧੀਨ ਪੰਜ ਫ਼ਿਲਮਾਂ ਨੂੰ ਥਾਂ ਮਿਲਦੀ ਹੈ ਜਿਨ੍ਹਾਂ ਦੀ ਨੋਮੀਨੇਸ਼ਨ ਦਾ ਐਲਾਨ ਜਨਵਰੀ ਮਹੀਨੇ ਵਿਚ ਹੁੰਦਾ ਹੈ।’’ਆਖ਼ਰੀ ਪੜਾਅ ਸਿੱਧਾ ਆਸਕਰ ਐਵਾਰਡ ਸੈਰੇਮਨੀ ਦਾ ਹੁੰਦਾ ਹੈ, ਜੋ ਮਾਰਚ ਮਹੀਨੇ ਦੀ 10 ਤਾਰੀਕ ਨੂੰ ਹੋਵੇਗੀ।  

ਦਰਅਸਲ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿਚ ਪੈਦਾ ਹੋਏ ਅਤੇ ਹੁਣ ਨਿਊਯਾਰਕ ਸ਼ਹਿਰ ਵਿਚ ਰਹਿੰਦੇ ਵਿਸ਼ਵਜੀਤ ਸਿੰਘ ਇੱਕ ਇਲਸਟ੍ਰੇਟਰ, ਲੇਖਕ, ਕਲਾਕਾਰ ਅਤੇ ਕਾਰਟੂਨਿਸਟ ਹਨ। ਪੂਰੀ ਫ਼ਿਲਮ ਵਿਸ਼ਵਜੀਤ ਦੀ ਕਹਾਣੀ ਤੋਂ ਪ੍ਰੇਰਿਤ ਹੈ। ਵਿਸ਼ਵਜੀਤ ਸਿੰਘ ਦੇ ਭਾਰਤੀ ਮੂਲ ਦੇ ਪਰਿਵਾਰ ਨੇ 1984 ਦਾ ਦੌਰ ਹੰਢਾਇਆ ਹੈ, ਜਿਸ ਦੌਰਾਨ ਸਿੱਖਾਂ ਨੂੰ ਨਫ਼ਰਤ ਦਾ ਸਾਹਮਣਾ ਕਰਨਾ ਪਿਆ।

ਵਿਸ਼ਵਜੀਤ ਸਿੰਘ ਦੇ ਪਿਤਾ ਭਾਰਤ ਸਰਕਾਰ ਲਈ ਕੰਮ ਕਰਦੇ ਸਨ ਅਤੇ ਅਮਰੀਕਾ ਵਿਚ ਭਾਰਤੀ ਸਫ਼ਾਰਤਖ਼ਾਨੇ ਵਿਚ ਨੌਕਰੀ ਕਰਦੇ ਸਨ। ਪੇਸ਼ੇ ਵਜੋਂ ਵਿਸ਼ਵਜੀਤ ਸਿੰਘ ਇੱਕ ਇੰਜੀਨੀਅਰ ਹਨ ਪਰ ਉਨ੍ਹਾਂ ਨੇ ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਕਲਾ ਵੱਲ ਧਿਆਨ ਦਿੱਤਾ। ਮਹਿਜ਼ ਚਾਰ ਸਾਲ ਦੀ ਉਮਰ ਵਿੱਚ ਪਰਿਵਾਰ ਨਾਲ ਭਾਰਤ ਜਾਣਾ ਤੇ ਸਕੂਲੀ ਪੜ੍ਹਾਈ ਮਗਰੋਂ ’84 ਦੇ ਦੌਰ ਦੌਰਾਨ ਉੱਚ ਸਿੱਖਿਆ ਲਈ ਮੁੜ ਅਮਰੀਕਾ ਪਰਤਨਾ ਵਿਸ਼ਵਜੀਤ ਸਿੰਘ ਲਈ ਸੌਖਾ ਨਹੀਂ ਸੀ।

ਕਾਲਜ ਵਿਚ ਦਾਖ਼ਲ ਹੁੰਦਿਆਂ ਹੀ ਉਨ੍ਹਾਂ ਨੂੰ ਦਾੜ੍ਹੀ ਅਤੇ ਦਸਤਾਰ ਕਾਰਨ ਕਈ ਗੱਲਾਂ ਵੀ ਸੁਣਨੀਆਂ ਪਈਆਂ। ਵਿਸ਼ਵਜੀਤ ਸਿੰਘ ਦੀ ਦਿੱਖ ਨੂੰ ਲੈ ਕੇ ਉਨ੍ਹਾਂ ਨਾਲ ਹੁੰਦੇ ਵਤੀਰੇ ਨੂੰ ਦੇਖਦਿਆਂ ਉਨ੍ਹਾਂ ਨੇ ਆਪਣਾ ਸਰੂਪ ਬਦਲਣ ਬਾਰੇ ਸੋਚਿਆ ਅਤੇ ਖ਼ੁਦ ਹੀ ਆਪਣੇ ਕੇਸ ਕਤਲ ਕਰ ਲਏ। ‘‘ਕੇਸ ਕਤਲ ਕਰਨ ਤੋਂ ਸਾਲ ਬਾਅਦ ਜਦੋਂ ਵਿਸ਼ਵ ਜੀਤ ਨੇ ਬੌਧ ਧਰਮ ਦੀਆਂ ਕਿਤਾਬਾਂ ਪੜ੍ਹੀਆਂ ਤੇ ਫਿਰ ਹੌਲੀ-ਹੌਲੀ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕੀਤਾ। ਕੀਰਤਨ ਨਾਲ ਸ਼ੌਂਕ ਪਿਆ ਤੇ ਉਹ ਮੁੜ ਸਿੱਖੀ ਸਰੂਪ 'ਚ ਪਰਤ ਆਇਆ।’’

ਕੇਸ ਕਤਲ ਕਰਨ ਦੇ 10 ਸਾਲ ਬਾਅਦ ਵਿਸ਼ਵਜੀਤ ਸਿੰਘ ਮੁੜ ਸਿੱਖੀ ਸਰੂਪ ਵਿਚ ਆ ਗਿਆ। ਅਗਸਤ 2001 ਵਿਚ ਵਰਲਡ ਟ੍ਰੇਡ ਸੈਂਟਰ ਉੱਤੇ ਹਮਲੇ ਤੋਂ ਇੱਕ ਮਹੀਨਾ ਪਹਿਲਾਂ ਹੀ ਦਸਤਾਰ ਸਜਾਈ ਸੀ ਤੇ ਸਿੱਖੀ ਸਰੂਪ ਵਿੱਚ ਆਇਆ ਸੀ।’’‘‘9/11 ਦਾ ਹਮਲਾ ਹੋਇਆ ਤਾਂ ਫਿਰ ਤੋਂ ਲੋਕਾਂ ਨੇ ਘੇਰਨਾ ਸ਼ੁਰੂ ਕਰ ਦਿੱਤਾ, ਜਿਹੜੇ ਲੋਕ ਦੋਸਤ ਸਨ ਉਨ੍ਹਾਂ ਦਾ ਰਵੱਈਆ ਵੀ ਬਦਲ ਗਿਆ। 

ਇਸੇ ਸਿਲਸਿਲੇ ਤਹਿਤ ਇੱਕ ਅਖ਼ਬਾਰ ਵਿਚ ਆਇਆ ਇੱਕ ਕਾਰਟੂਨ ਉਨ੍ਹਾਂ ਲਈ ਪ੍ਰੇਰਣਾ ਬਣਿਆ। ਇਸ ਕਾਰਟੂਨ ਵਿਚ ਇਹਨਾਂ ਹਾਲਾਤਾਂ ਕਰਕੇ ਸਿੱਖਾਂ ਅਤੇ ਹੋਰ ਲੋਕਾਂ ਨਾਲ ਹੁੰਦੇ ਨਫ਼ਰਤੀ ਅਪਰਾਧ ਤੋਂ ਬਾਅਦ ਦਾ ਸਾਰਾ ਉਲੇਖ ਦਿਖਾਇਆ ਗਿਆ ਸੀ ਕਿ ਜਿਹੜੇ ਲੋਕਾਂ ਨੇ ਦਸਤਾਰ ਸਜਾਈ ਜਾਂ ਦਾੜ੍ਹੀ ਰੱਖੀ ਹੈ, ਉਹ ਅਜਿਹਾ (ਹਮਲਾ) ਨਹੀਂ ਕਰਦੇ।’’ ਇਸੇ ਕਾਰਟੂਨ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੇ 2002 ਵਿਚ ਖ਼ੁਦ ਕਾਰਟੂਨਿਸਟ ਬਣਨ ਵੱਲ ਤਹੱਈਆ ਕੀਤਾ ਅਤੇ ਕਾਰਟੂਨ ਬਣਾਉਣੇ ਸ਼ੁਰੂ ਕੀਤੇ।

ਇਸ ਮਗਰੋਂ ਵਿਸ਼ਵਜੀਤ ਕਈ ਸਾਲਾਂ ਤੋਂ ਲਗਾਤਾਰ ਸਿੱਖ ਭਾਈਚਾਰੇ ਨੂੰ ਮੁੱਖ ਰੱਖਦਿਆਂ ਕਾਰਟੂਨ ਬਣਾਉਂਦੇ ਆ ਰਹੇ ਹਨ। 10 ਸਾਲਾਂ ਮਗਰੋਂ ਉਨ੍ਹਾਂ ਨੇ ਇੱਕ ਫ਼ਿਲਮ ਦਾ ਪੋਸਟਰ ਦੇਖਿਆ ਤੇ ਇਹ ਫ਼ਿਲਮ ਸੀ 2011 ਵਿਚ ਆਈ ‘ਕੈਪਟਨ ਅਮੈਰਿਕਾ।’ ਇਸੇ ਫ਼ਿਲਮ ਤੋਂ ਵਿਸ਼ਵਜੀਤ ਨੂੰ ‘ਕੈਪਟਨ ਸਿੱਖ ਅਮੈਰਿਕਾ’ ਬਣਨ ਦਾ ਖ਼ਿਆਲ ਆਇਆ। ਇਸ ਫ਼ਿਲਮ ਦਾ ਪੋਸਟਰ ਦੇਖ ਕੇ ਵਿਸ਼ਵਜੀਤ ਦੇ ਮਨ ਵਿੱਚ ਤਸਵੀਰ ਉੱਭਰੀ ਕਿ ਕੈਪਟਨ ਅਮੈਰਿਕਾ ਤਾਂ ਸਿੱਖ ਵੀ ਹੋ ਸਕਦਾ ਹੈ। ‘‘ਇਸ ਤੋਂ ਬਾਅਦ ਕੈਪਟਨ ਸਿੱਖ ਅਮੈਰਿਕਾ ਦਾ ਇੱਕ ਪੋਸਟਰ ਬਣਾਇਆ ਤੇ ਉਸ ਨੂੰ ਲੈ ਕੇ ਨਿਊਯਾਰਕ ਸ਼ਹਿਰ ਦੇ ‘ਕੋਮਿਕੋਨ’ ਫ਼ੈਸਟੀਵਲ ਵਿਚ ਗਿਆ।

ਇਹ ਪੋਸਟਰ ਉੱਥੇ ਲੋਕਾਂ ਨੂੰ ਦਿਖਾਇਆ, ਕਈਆਂ ਨੂੰ ਪਸੰਦ ਆਇਆ ਤੇ ਕਈਆਂ ਨੂੰ ਨਹੀਂ। ਇਸੇ ਕੋਮਿਕੋਨ ਫ਼ੈਸਟੀਵਲ ਵਿਚ ਇੱਕ ਯਹੂਦੀ-ਅਮਰੀਕੀ ਫ਼ੋਟੋਗ੍ਰਾਫ਼ਰ ਇਓਨਾ ਅਬੂਦ ਵੀ ਆਏ ਹੋਏ ਸਨ ਤੇ ਉਨ੍ਹਾਂ ਨੇ ਹੀ ਕੈਪਟਨ ਅਮੈਰਿਕਾ ਵਾਲੇ ਕੱਪੜੇ ਅਗਲੇ ਸਾਲ ਉਨ੍ਹਾਂ ਨੂੰ ਪਹਿਨਣ ਨੂੰ ਕਹੇ, ਵਿਸ਼ਵਜੀਤ ਨੇ ਜੂਨ 2013 ਵਿਚ ਕੈਪਟਨ ਅਮੈਰਿਕਾ ਵਾਲੇ ਕੱਪੜੇ ਪਹਿਨੇ ਅਤੇ ਨਿਊ ਯਾਰਕ ਦੀਆਂ ਸੜਕਾਂ ਉੱਤੇ ਨਿਕਲੇ।

ਉਨ੍ਹਾਂ ਦੀਆਂ ਕੈਪਟਨ ਸਿੱਖ ਅਮੈਰਿਕਾ ਵਾਲੀਆਂ ਤਸਵੀਰਾਂ ਵਾਇਰਲ ਹੋਈਆਂ ਤਾਂ ਲੋਕਾਂ ਨੇ ਸੱਦੇ ਦੇਣੇ ਸ਼ੁਰੂ ਕਰ ਦਿੱਤੇ ਕਿ ਉਨ੍ਹਾਂ ਦੇ ਸਕੂਲ ਆਓ, ਕੰਪਨੀ ਵਿਚ ਆਓ ਤੇ ਆਪਣੀ ਕਹਾਣੀ ਦੱਸੋ। ਇਸ ਮਗਰੋਂ ਹੀ ਵਿਸ਼ਵਜੀਤ ਨੇ ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਕਾਰਟੂਨ ਤੇ ਕਲਾ ਵੱਲ ਰੁਖ਼ ਕਰ ਲਿਆ ਤੇ ਆਪਣੀ ਕਹਾਣੀ ਲੋਕਾਂ ਨੂੰ ਦੱਸਣੀ ਸ਼ੁਰੂ ਕੀਤੀ। ਸਿਲਸਿਲਾ ਅੱਗੇ ਵੱਧਦਾ ਹੈ ਤਾਂ ਵਿਸ਼ਵਜੀਤ ਸਿੰਘ ਆਪਣੀ ਤੇ ਆਪਣੇ ਭਾਈਚਾਰੇ ਬਾਰੇ ਕਹਾਣੀ ਲੋਕਾਂ ਤੱਕ ਪਹੁੰਚਾਉਂਦੇ ਰਹਿੰਦੇ ਹਨ। ਇਸੇ ਤਹਿਤ ਹੀ ਉਨ੍ਹਾਂ ਅਮੈਰੀਕਨ ਫ਼ਿਲਮ ਵੀ ਬਣਾਈ ਜੋ ਆਸਕਰ ਲਈ ਚੁਣੀ ਗਈ ਹੈ।