ਪੁਰਖਿਆਂ ਦੀ ਮਿੱਟੀ ਦਾ ਕਰਜ਼ ਉਤਾਰਨ ਨਿਊਜ਼ੀਲੈਂਡ ਤੋਂ ਪੰਜਾਬ ਆਈ ਅਵੰਤਿਕਾ ਪੰਜਤੂਰੀ
ਜੱਦੀ ਪਿੰਡ ਫ਼ਤਿਹਗੜ੍ਹ ਪੰਜਤੂਰ ਵਿਚ ਕੁੜੀਆਂ ਨੂੰ ਦੇ ਰਹੀ ਹੈ ਸਕਿਲ ਸਿਖਲਾਈ
Avantika Panjthuri came to Punjab from New Zealand: ਪੰਜਾਬੀਆਂ ਉਤੇ ਦੋਸ਼ ਲਗਦੇ ਹਨ ਕਿ ਇਹ ਲੋਕ ਅਪਣੀ ਜਨਮ ਭੂਮੀ ਨੂੰ ਛੱਡ ਕੇ ਵਿਦੇਸ਼ਾਂ ਵਿਚ ਸੈਟਲ ਹੋ ਰਹੇ ਹਨ। ਜੋ ਲੋਕ ਇਥੋਂ ਜਾ ਰਹੇ ਹਨ ਉਹ ਅਪਣੀ ਮੁੜ ਇਥੋਂ ਦੀ ਸਾਰ ਨਹੀਂ ਲੈਂਦੇ। ਇਨ੍ਹਾਂ ਸਾਰੀਆਂ ਦੰਦ ਕਥਾਵਾਂ ਨੂੰ ਨਿਊਜ਼ੀਲੈਂਡ ਵਿਚ ਪੈਦਾ ਹੋਈ ਪੰਜਾਬਣ ਮੁਟਿਆਰ ਅਵੰਤਿਕਾ ਪੰਜਤੂਰੀ (23 ਸਾਲ) ਨੇ ਝੂਠ ਸਾਬਤ ਕਰ ਦਿਤਾ ਹੈ। ਪੰਜਾਬ ਸਰਕਾਰ ਵਲੋਂ ਪ੍ਰਵਾਸੀ ਪੰਜਾਬੀਆਂ ਨੂੰ ਅਪਣੀ ਮਿੱਟੀ ਲਈ ਕੁੱਝ ਕਰਨ ਦਾ ਸੱਦਾ ਪ੍ਰਵਾਨ ਕਰਦਿਆਂ ਅਵੰਤਿਕਾ ਨਿਊਜ਼ੀਲੈਂਡ ਵਰਗਾ ਖ਼ੁਸ਼ਹਾਲ ਦੇਸ਼ ਛੱਡ ਕੇ ਅਪਣੇ ਜੱਦੀ ਪਿੰਡ ਫ਼ਤਹਿਗੜ੍ਹ ਪੰਜਤੂਰ ਵਿਚ ਰਹਿਣ ਹੀ ਨਹੀਂ ਲੱਗੀ ਸਗੋਂ ਉਸ ਨੇ ਇਥੋਂ ਦੇ ਨੌਜਵਾਨ ਵਰਗ, ਖ਼ਾਸ ਕਰ ਕੇ ਕੁੜੀਆਂ, ਨੂੰ ਸਕਿੱਲਡ ਕਰ ਕੇ ਅਪਣੇ ਪੈਰਾਂ ’ਤੇ ਖੜਾ ਕਰਨ ਵਿਚ ਵੀ ਲਾਮਿਸਾਲ ਯੋਗਦਾਨ ਪਾ ਰਹੀ ਹੈ।
ਗੱਲਬਾਤ ਦੌਰਾਨ ਅਵੰਤਿਕਾ ਨੇ ਦਸਿਆ ਕਿ ਉਸ ਦੇ ਪਿਤਾ ਜਤਿੰਦਰ ਪੰਜਤੂਰੀ, ਜੋ ਕਿ ਖ਼ੁਦ ਸਾਇੰਸ ਵਿਸ਼ੇ ਦੇ ਅਧਿਆਪਕ ਸਨ, ਸਾਲ 1999 ਵਿਚ ਨਿਊਜ਼ੀਲੈਂਡ ਚਲੇ ਗਏ ਸੀ। ਪਰ ਪਿੰਡ ਫ਼ਤਿਹਗੜ੍ਹ ਪੰਜਤੂਰ ਹਮੇਸ਼ਾ ਉਨ੍ਹਾਂ ਦੇ ਦਿਲ ਦੇ ਨਜ਼ਦੀਕ ਰਿਹਾ। ਅਪਣੇ ਦਿਲ ਦੀ ਆਵਾਜ਼ ਦਾ ਸਤਿਕਾਰ ਕਰਦਿਆਂ ਜਤਿੰਦਰ ਪੰਜਤੂਰੀ ਨੇ ਵੀ ਪਿੰਡ ਵਾਪਸ ਆਉਣ ਦਾ ਫ਼ੈਸਲਾ ਕੀਤਾ ਅਤੇ ਇਥੇ ਆ ਕੇ ਅਪਣੇ ਪੁਰਖਿਆਂ ਵਲੋਂ ਸ਼ੁਰੂ ਕੀਤੇ ਗਏ ਸਕੂਲ ਦਾ ਕੰਮ ਸੰਭਾਲ ਲਿਆ। ਅਵੰਤਿਕਾ ਨੇ ਕਿਹਾ ਕਿ ਉਹ ਵਿਦੇਸ਼ੀ ਧਰਤੀ ਤੋਂ ਇਕ ਮਿਸ਼ਨ ਲੈ ਕੇ ਪਰਤੀ ਹੈ। ਉਸ ਦਾ ਟੀਚਾ ਪੇਂਡੂ ਖੇਤਰ ਦੀਆਂ ਲੜਕੀਆਂ ਨੂੰ ਪੈਰਾਂ-ਸਿਰ ਕਰਨਾ ਹੈ।
ਸ਼ਾਇਦ ਇਸ ਕਰ ਕੇ ਉਹ ਅਪਣੇ ਪੁਰਖਿਆਂ ਦੀ ਮਿੱਟੀ ਦਾ ਕਰਜ਼ ਉਤਾਰਨ ਵਿਚ ਥੋੜ੍ਹਾ ਬਹੁਤ ਸਫ਼ਲ ਹੋ ਸਕੇ। ਉਸ ਨੇ ਅਪਣੇ ਪਿਤਾ ਜਤਿੰਦਰ ਪੰਜਤੂਰੀ ਦੀ ਸਰਪ੍ਰਸਤੀ ਹੇਠ ਚਲ ਰਹੀ ਐਸਆਰਐਮ ਨਾਮੀ ਵਿਦਿਅਕ ਸੰਸਥਾ ਦੇ ਇਕ ਹਿੱਸੇ ਨੂੰ ਲੜਕੀਆਂ ਦੀ ਮੁਫ਼ਤ ਸਿਖਲਾਈ ਕੈਂਪ ਵਜੋਂ ਰਾਖਵਾਂ ਰਖਿਆ ਹੋਇਆ ਹੈ। ਲੰਘੇ ਇਕ ਵਰ੍ਹੇ ਵਿਚ ਲਗਭਗ 500 ਲੜਕੀਆਂ ਇਸ ਸਿਖਲਾਈ ਸੈਂਟਰ ਤੋਂ ਵੱਖ-ਵੱਖ ਕਿੱਤਾਮੁਖੀ ਕੋਰਸਾਂ ਵਿਚ ਮੁਫ਼ਤ ਸਿਖਿਆ ਗ੍ਰਹਿਣ ਕਰ ਕੇ ਰੁਜ਼ਗਾਰ ਦੇ ਮੌਕੇ ਹਾਸਲ ਕਰ ਚੁੱਕੀਆਂ ਹਨ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅਵੰਤਿਕਾ ਪੰਜਤੂਰੀ ਵਲੋਂ ਅਪਣੇ ਇਲਾਕੇ ਦੀਆਂ ਕੁੜੀਆਂ/ਔਰਤਾਂ ਦੇ ਸਸ਼ਕਤੀਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਮੋਗਾ ਨਾਲ ਸਬੰਧ ਰੱਖਣ ਵਾਲੇ ਪ੍ਰਵਾਸੀ ਪੰਜਾਬੀਆਂ ਨੂੰ ਸੱਦਾ ਦਿਤਾ ਹੈ ਕਿ ਉਹ ਵੀ ਅਪਣੀ ਧਰਤੀ ਲਈ ਕੱੁਝ ਬਿਹਤਰ ਕਰਨ ਲਈ ਅੱਗੇ ਆਉਣ।