ਖ਼ਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਮੌਕੇ ਖ਼ਾਲਸਾਈ ਰੰਗ ਵਿੱਚ ਰੰਗਿਆ ਗਿਆ ਬਰੇਸ਼ੀਆ ਸ਼ਹਿਰ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਇਸ ਵਿਸ਼ਾਲ ਨਗਰ ਕੀਰਤਨ ਵਿਚ ਯੂਰਪ ਭਰ ਤੋਂ 40 ਹਜ਼ਾਰ ਤੋਂ ਵੱਧ ਸਿੱਖਾਂ ਨੇ ਹਾਜ਼ਰੀ ਭਰੀ

Italy News

 

Italy News: ਇਟਲੀ ਦੇ ਗੁਰਦੁਆਰਾ ਸਿੰਘ ਸਭਾ ਫਲੇਰੋ ਦੁਆਰਾ ਇਲਾਕੇ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸਾ ਪੰਥ ਸਜਾਨਾ ਦਿਵਸ ਨੂੰ ਸਮਰਪਿਤ ਸ਼ਹਿਰ ਬਰੇਸ਼ੀਆ ਵਿਖੇ 26ਵਾਂ ਮਹਾਨ ਨਗਰ ਕੀਰਤਨ ਸਜਾਇਆ ਗਿਆ। 

ਇਸ ਵਿਸ਼ਾਲ ਨਗਰ ਕੀਰਤਨ ਵਿਚ ਯੂਰਪ ਭਰ ਤੋਂ 40 ਹਜ਼ਾਰ ਤੋਂ ਵੱਧ ਸਿੱਖਾਂ ਨੇ ਹਾਜ਼ਰੀ ਭਰੀ। ਸੰਗਤਾਂ ਨਾਲ ਬਰੇਸ਼ੀਆ ਸ਼ਹਿਰ ਖ਼ਾਲਸਾਈ ਰੰਗ ਵਿੱਚ ਰੰਗਿਆ ਗਿਆ। 

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ, ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿੱਚ ਸ਼ਹਿਰ ਬਰੇਸ਼ੀਆ ਦੇ ਵੀਆ ਕੋਰਸੀਕਾ ਤੋਂ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆ ਨਾਲ ਨਗਰ ਕੀਰਤਨ ਦੀ ਆਰੰਭਤਾ ਹੋਈ। ਵੱਖ-ਵੱਖ ਰਸਤਿਆਂ 'ਤੇ ਸਿੱਖ ਸੰਗਤਾਂ ਵਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ।

 ਇਸ ਮੌਕੇ ਵੱਖ-ਵੱਖ ਰਾਗੀ, ਢਾਡੀ ਸਿੰਘਾਂ ਦੁਆਰਾ ਸੰਗਤਾਂ ਨੂੰ ਇਤਿਹਾਸ ਸਰਵਣ ਕਰਵਾਇਆ। ਸਾਰੇ ਰਸਤੇ ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ।

ਇਸ ਨਗਰ ਕੀਰਤਨ ਦੀ ਖ਼ਾਸ ਗੱਲ ਪੰਜਾਬ ਦੀ ਧਰਤੀ ਤੋਂ ਵਿਸ਼ੇਸ਼ ਪਹੁੰਚੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਦੀ ਸ਼ਮੂਲੀਅਤ ਰਹੀ। ਜਿਹਨਾਂ ਸਾਰੇ ਰਸਤੇ ਫੁੱਲਾਂ ਨਾਲ ਸਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ’ਤੇ ਸੇਵਾ ਕੀਤੀ। ਉਹਨਾਂ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ ਅਤੇ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਇਹ ਵੀ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ’ਤੇ ਵਾਹਿਗੁਰੂ ਜੀ ਦੀ ਕ੍ਰਿਪਾ ਹੈ। 

ਇਸ ਨਗਰ ਕੀਰਤਨ ਵਿਚ ਐਸਜੀਪੀਸੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਵੀ ਸ਼ਾਮਲ ਹੋਏ ਅਤੇ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ। ਇਸ ਮਹਾਨ ਨਗਰ ਕੀਰਤਨ ਮੌਕੇ ਹੈਲੀਕਾਪਟਰ ਦੁਆਰਾ ਗੁਰੂ ਸਾਹਿਬ ਅਤੇ ਸੰਗਤਾਂ ’ਤੇ ਫ਼ੁੱਲਾਂ ਦੀ ਵਰਖਾ ਵੀ ਕੀਤੀ ਗਈ।

 ਗੱਤਕੇ ਵਾਲੇ ਸਿੰਘਾਂ ਦੁਆਰਾ ਗੱਤਕੇ ਦੇ ਜੌਹਰ ਵੀ ਦਿਖਾਏ ਗਏ। ਇਸ ਮੌਕੇ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵੀ ਪਹੁੰਚੀਆਂ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਵਿੱਚ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਅਤੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਬਰੇਸ਼ੀਆ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜੀ ਆਇਆਂ ਆਖਿਆ ਅਤੇ ਸਨਮਾਨ ਭੇਂਟ ਕੀਤਾ। 

ਗੁਰਦੁਆਰਾ ਸਿੰਘ ਸਭਾ ਫਲੇਰੋ ਦੇ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੋਰੀ ਅਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਬੁਲਜਾਨੋ ਨੇ ਆਈ ਹੋਈ ਸਮੁੱਚੀ ਸਿੱਖ ਸੰਗਤ ਦਾ ਧਨਵਾਦ ਕਰਦਿਆਂ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਅਤੇ ਵਿਸ਼ਾਲ ਨਗਰ ਕੀਰਤਨ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਬਰੇਸ਼ੀਆ ਨਗਰ ਕੀਰਤਨ ਯੂਰਪ ਭਰ ਵਿੱਚ ਸਿੱਖ ਸੰਗਤਾਂ ਦਾ ਵੱਡਾ ਇਕੱਠ ਹੁੰਦਾ ਹੈ। ਉਹਨਾਂ ਗੁਰੁ ਸਾਹਿਬ ਅਤੇ ਸੰਗਤਾਂ ਦਾ ਕੋਟਿਨ ਕੋਟਿ ਧਨਵਾਦ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ।