ਨਿਊਯਾਰਕ 'ਚ ਗੁਰੂ ਨਾਨਕ ਸਿੱਖ ਹੈਰੀਟੇਜ ਇਨਕਲੇਵ ਗੁਰਦੁਆਰੇ ਦੀ ਸਥਾਪਨਾ.
ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ
ਨਿਊਜਰਸੀ — ਗੁਰਦੁਆਰਾ ਸਾਹਿਬ ਉਹ ਅਸਥਾਨ ਹੈ, ਜਿੱਥੇ ਸਿੱਖ ਧਰਮ ਨਾਲ ਜੁੜੇ ਲੋਕ ਆਪਣੀ ਧਾਰਮਿਕ ਸ਼ਰਧਾ ਤਾਂ ਪੂਰੀ ਕਰਦੇ ਹੀ ਹਨ ਸਗੋਂ ਸਮਾਜਿਕ ਅਤੇ ਸੱਭਿਆਚਾਰਕ ਮਸਲਿਆਂ ਦੇ ਹੱਲ ਲਈ ਵੀ ਇਕ ਪਲੇਟਫਾਰਮ ਸਮਝਦੇ ਹਨ। ਜਿੱਥੇ ਵੀ ਸਿੱਖ ਭਾਈਚਾਰੇ ਦੀ ਗਿਣਤੀ ਵੱਧਦੀ ਹੈ ਉਨ੍ਹਾਂ ਦੀ ਪਹਿਲੀ ਸੋਚ ਹੀ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦੀ ਹੁੰਦੀ ਹੈ ਤਾਂ ਕਿ ਜਿੱਥੇ ਗੁਰੂ ਦੇ ਚਰਨਾਂ ਨਾਲ ਜੁੜਿਆ ਜਾਵੇ, ਉੱਥੇ ਆਪਸੀ ਸਾਂਝ ਵੀ ਵਧਾਈ ਅਤੇ ਕਾਇਮ ਰੱਖੀ ਜਾ ਸਕੇ।
ਬੀਤੇ ਦਿਨੀਂ ਨਿਊਜਰਸੀ ਸੂਬੇ ਦੇ ਟਾਊਨ ਮੋਨਰੇ ਦੀ ਸਮੂਹ ਸੰਗਤ ਦੇ ਸਾਂਝੇ ਸਹਿਯੋਗ ਸਦਕਾ ਨਵੇਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ। ਇਹ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਅਨੁਸਾਰ ਸਥਾਪਿਤ ਕੀਤਾ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਅਤੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ।
ਕੀਰਤਨ ਸਮਾਗਮ ਵਿਚ ਭਾਈ ਤੇਜਿੰਦਰ ਸਿੰਘ ਤੇ ਭਾਈ ਮਨਪ੍ਰੀਤ ਸਿੰਘ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਤੇ ਕਥਾਵਾਚਕ ਭਾਈ ਅਮਰਜੀਤ ਸਿੰਘ ਤੇ ਗਿਆਨੀ ਸਾਹਿਬ ਸਿੰਘ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ। ਕੋਰੋਨਾ ਮਹਾਮਾਰੀ ਕਹਿਰ ਦੇ ਚੱਲਦਿਆਂ ਪ੍ਰਬੰਧਕਾਂ ਵੱਲੋਂ ਸਮਾਗਮ ਨੂੰ ਸਰਕਾਰੀ ਹਿਦਾਇਤਾਂ ਅਨੁਸਾਰ ਹੀ ਚਲਾਇਆ ਗਿਆ। ਜ਼ਿਆਦਾ ਭੀੜ ਨਾ ਹੋਣ ਦਿੱਤੀ ਗਈ ਅਤੇ ਹਰ ਇਕ ਨੇ ਮਾਸਕ ਪਾਇਆ ਹੋਇਆ ਸੀ।