ਕੈਨੇਡਾ ‘ਚ ਗੈਂਗਸਟਰ ਅਰਸ਼ ਡੱਲਾ ਸਮੇਤ ਗੈਂਗਸਟਰ ਗੁਰਜੰਟ ਵੀ ਗ੍ਰਿਫਤਾਰ, ਦੋਵਾਂ ਨੂੰ ਅੱਜ ਕੈਨੇਡਾ ਦੀ ਅਦਾਲਤ ਵਿਚ ਕੀਤਾ ਜਾਵੇਗਾ ਪੇਸ਼
ਪੰਜਾਬ ਪੁਲਿਸ ਦੀ ਟਾਪ ਗੈਂਗਸਟਰ ਲਿਸਟ ‘ਚ ਸ਼ਾਮਲ ਹਨ ਦੋਵੇਂ
ਗੈਂਗਸਟਰ ਅਰਸ਼ਦੀਪ ਡੱਲਾ ਨੂੰ ਕੈਨੇਡਾ ‘ਚ ਹਿਰਾਸਤ ‘ਚ ਲਏ ਜਾਣ ਦੀ ਪੁਸ਼ਟੀ ਹੋਈ ਹੈ। ਅਰਸ਼ ਡੱਲਾ ਦੇ ਨਾਲ ਉਸ ਦਾ ਇੱਕ ਸਾਥੀ ਗੁਰਜੰਟ ਸਿੰਘ ਉਰਫ ਜੰਟਾ ਵੀ ਪੁਲਿਸ ਦੀ ਹਿਰਾਸਤ ਵਿੱਚ ਹੈ। ਅੱਜ ਦੋਵਾਂ ਨੂੰ ਕੈਨੇਡੀਅਨ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਕਤ ਮਾਮਲੇ ਦੀ ਸੁਣਵਾਈ ਕੈਨੇਡਾ ਦੇ ਪੀਲ ਏਰੀਆ 'ਚ ਹੋਵੇਗੀ।
ਅਦਾਲਤ ਵਿੱਚ ਹੋਣ ਵਾਲੀ ਸੁਣਵਾਈ ਦੀ ਸੂਚੀ ਵਿੱਚ ਅਰਸ਼ ਡੱਲਾ ਅਤੇ ਜੰਟਾ ਦੇ ਨਾਂ ਸ਼ਾਮਲ ਹਨ। ਸੂਤਰਾਂ ਮੁਤਾਬਕ 28 ਅਕਤੂਬਰ ਨੂੰ ਹਾਲਟਨ 'ਚ ਹੋਈ ਗੋਲੀਬਾਰੀ 'ਚ ਅਰਸ਼ ਡੱਲਾ ਦੀ ਬਾਂਹ 'ਤੇ ਗੋਲੀ ਲੱਗੀ ਸੀ। ਅਰਸ਼ ਆਪਣੀ ਕਾਰ ਵਿੱਚ ਗੁਰਜੰਟ ਦੇ ਨਾਲ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਕੋਲ ਇਕ ਹੋਰ ਕਾਰ ਆ ਕੇ ਰੁਕੀ ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਗੋਲੀਬਾਰੀ ਵਿਚ ਅਰਸ਼ ਨੂੰ ਵੀ ਗੋਲੀ ਲੱਗੀ ਸੀ।
ਜਿਸ ਤੋਂ ਬਾਅਦ ਉਕਤ ਕਾਰ ਭਜਾ ਕੇ ਲੈ ਗਏ। ਜਾਂਚ ਵਿੱਚ ਸਾਹਮਣੇ ਆਇਆ ਕਿ ਅਰਸ਼ ਡੱਲਾ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਦੇ ਕਾਰਤੂਸ ਪੁਲਿਸ ਨੇ ਬਰਾਮਦ ਕਰ ਲਏ ਹਨ। ਗੁਰਜੰਟ ਸਿੰਘ ਨੇ ਅਰਸ਼ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਅਤੇ ਉਥੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਾਂਚ ਤੋਂ ਬਾਅਦ ਪੁਲਿਸ ਨੇ ਅਰਸ਼ ਦੇ ਘਰੋਂ ਕੁਝ ਨਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਅਰਸ਼ ਅਤੇ ਗੁਰਜੰਟ ਨੂੰ ਹਿਰਾਸਤ ਵਿੱਚ ਲੈ ਲਿਆ।
ਦੋਵੇਂ ਤਿੰਨ ਦਿਨਾਂ ਲਈ ਪੀਲ ਪੁਲਿਸ ਦੇ ਰਿਮਾਂਡ 'ਤੇ ਸਨ। ਦੱਸ ਦੇਈਏ ਕਿ ਗੁਰਜੰਟ ਸਿੰਘ ਉਰਫ ਜੰਟਾ ਵੀ ਪੰਜਾਬ ਪੁਲਿਸ ਨੂੰ 2 ਦਰਜਨ ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦਾ ਹੈ।