ਵਿਕਟੋਰੀਆ 'ਚ ਪਾਣੀ ਵਿਚ ਡੁੱਬਣ ਕਾਰਨ ਪੰਜਾਬੀ ਬੱਚੇ ਦੀ ਮੌਤ
ਮੇਰਾ ਪੁੱਤ ਬਹੁਤ ਪਿਆਰਾ ਅਤੇ ਦਿਆਲੂ ਸੀ- ਪਿਤਾ
ਆਸਟਰੇਲੀਆ ਦੇ ਵਿਕਟੋਰੀਆ ਸੂਬੇ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਘਰ ਦੇ ਤਲਾਬ ਵਿਚ ਡੁੱਬਣ ਕਾਰਨ 8 ਸਾਲਾ ਪੰਜਾਬੀ ਬੱਚੇ ਦੀ ਦਰਦਨਾਕ ਮੌਤ ਹੋ ਗਈ। ਬੱਚੇ ਦੀ ਪਛਾਣ ਗੁਰਸ਼ਬਦ ਸਿੰਘ ਵਜੋਂ ਹੋਈ ਹੈ।
ਇਹ ਘਟਨਾ ਵਿਕਟੋਰੀਆ ਸੂਬੇ ਦੇ ਸ਼ੈਪਰਟਨ ਨੇੜੇ ਕਿਆਲਾ ਇਲਾਕੇ ਵਿਚ ਸਥਿਤ ਇੱਕ ਨੁਮਾਇਸ਼ੀ ਘਰ ਵਿਚ ਐਤਵਾਰ ਸ਼ਾਮ ਨੂੰ ਵਾਪਰੀ। ਜਦੋਂ ਗੁਰਸ਼ਬਦ ਤਲਾਬ ਵਿਚ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ। ਉਸ ਨੂੰ ਪੂਲ ਵਿੱਚੋਂ ਬਾਹਰ ਕੱਢਿਆ ਗਿਆ ਤੇ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਗੁਰਸ਼ਬਦ ਨੇ ਦਮ ਤੋੜ ਦਿੱਤਾ ਸੀ।
ਗੁਰਸ਼ਬਦ ਦੇ ਪਿਤਾ ਤਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਸ਼ਬਦ ਬਹੁਤ ਪਿਆਰਾ ਅਤੇ ਦਿਆਲੂ ਬੱਚਾ ਸੀ। ਉਸ ਦਾ ਪੁੱਤਰ ਇੱਕ ਸਪੈਸ਼ਲ ਸਕੂਲ ਵਿਚ ਪੜ੍ਹਦਾ ਸੀ ਅਤੇ ਔਟਿਜ਼ਮ ਨਾਮੀ ਬਿਮਾਰੀ ਤੋਂ ਪੀੜਤ ਸੀ। ਦੁਖੀ ਪਿਤਾ ਨੇ ਮੰਗ ਕੀਤੀ ਹੈ ਕਿ ਜਦੋਂ ਡਿਸਪਲੇਅ ਹੋਮ ਖੁੱਲ੍ਹੇ ਨਾ ਹੋਣ ਤਾਂ ਉਨ੍ਹਾਂ ਦੇ ਪੂਲਾਂ ਨੂੰ ਢੱਕਿਆ ਜਾਣਾ ਚਾਹੀਦਾ ਹੈ ਤਾਂ ਜੋ ਬੱਚੇ ਅੰਦਰ ਨਾ ਜਾ ਸਕਣ।
ਜ਼ਿਕਰਯੋਗ ਹੈ ਕਿ ਔਟਿਜ਼ਮ ਬਿਮਾਰੀ ਅਕਸਰ ਪੀੜਤ ਬੱਚਿਆਂ ਨੂੰ ਪਾਣੀ ਵੱਲ ਆਕਰਸ਼ਿਤ ਕਰਦੀ ਹੈ। ਇਸ ਦੁਖਦਾਈ ਘਟਨਾ ਕਾਰਨ ਆਸਟ੍ਰੇਲੀਆ ਵਿਚ ਵੱਸਦਾ ਪੰਜਾਬੀ ਭਾਈਚਾਰਾ ਗਹਿਰੇ ਸੋਗ ਵਿਚ ਹੈ। ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸਥਾਨਕ ਲੋਕਾਂ ਵਲੋਂ ਸਰਕਾਰ ਤੋਂ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।