ਅਮਰੀਕਾ ਵਿਚ ਹਰਿਆਣਾ ਤੇ ਪੰਜਾਬ ਦੇ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਵੀਰੇਂਦਰ ਸਾਂਭੀ ਵਾਸੀ ਕਰਨਾਲ ਤੇ ਕੁਲਦੀਪ ਵਾਸੀ ਪੰਜਾਬ ਵਜੋਂ ਹੋਈ ਪਛਾਣ, ਜਨਮ ਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ

Virendra Sambhi and Kuldeep shot dead in America

ਅਮਰੀਕਾ ਦੇ ਇੰਡੀਆਨਾ ਦੇ ਗ੍ਰੀਨਵੁੱਡ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਦੋ ਸਮੂਹਾਂ ਵਿਚਕਾਰ ਹੋਈ ਗੋਲੀਬਾਰੀ ਵਿੱਚ ਇਕ ਹਰਿਆਣਾ ਤੇ ਇਕ ਪੰਜਾਬ ਦੇ ਨੌਜਵਾਨ ਦੀ ਮੌਤ ਹੋ ਗਈ।  ਮ੍ਰਿਤਕਾਂ ਦੀ ਪਹਿਚਾਣ ਕਰਨਾਲ ਦੇ ਵੀਰੇਂਦਰ ਸਾਂਭੀ ਤੇ ਪੰਜਾਬ ਦੇ ਕੁਲਦੀਪ ਵਜੋਂ ਹੋਈ ਹੈ।
ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ, ਗੋਲੀਬਾਰੀ ਦੀ ਘਟਨਾ 10 ਜਨਵਰੀ ਦੀ ਰਾਤ ਨੂੰ ਅਮਰੀਕੀ ਸਮੇਂ ਅਨੁਸਾਰ ਲਗਭਗ 11:30 ਵਜੇ ਵਾਪਰੀ।

ਇਸ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀ ਨੂੰ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਕਰਨਾਲ ਦਾ ਮਾਰਿਆ ਗਿਆ ਵੀਰੇਂਦਰ ਸਾਂਭੀ ਸੇਵਾਮੁਕਤ ਪੁਲਿਸ ਸਟੇਸ਼ਨ ਅਫ਼ਸਰ ਮੁਲਤਾਨ ਸਿੰਘ ਦਾ ਪੁੱਤਰ ਸੀ ਅਤੇ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਦੱਸਿਆ ਜਾਂਦਾ ਹੈ।

ਰਿਪੋਰਟਾਂ ਅਨੁਸਾਰ, ਉਹ ਲਗਭਗ ਪੰਜ ਸਾਲ ਪਹਿਲਾਂ ਡੌਂਕੀ ਰੂਟ ਰਾਹੀਂ ਅਮਰੀਕਾ ਗਿਆ ਸੀ। ਉਸ ਦੀ ਪਤਨੀ ਅਤੇ ਪੁੱਤਰ ਵੀ ਦੋ ਸਾਲ ਪਹਿਲਾਂ ਡੌਂਕੀ ਰੂਟ ਰਾਹੀਂ ਅਮਰੀਕਾ ਪਹੁੰਚੇ ਸਨ। ਘਟਨਾ ਵਾਲੀ ਰਾਤ, ਉਸ ਨੂੰ ਗ੍ਰੀਨਵੁੱਡ ਵਿੱਚ ਇੱਕ ਜਨਮ ਦਿਨ ਦੀ ਪਾਰਟੀ ਵਿੱਚ ਸੱਦਾ ਦਿੱਤਾ ਗਿਆ ਸੀ, ਜਿੱਥੇ ਗੋਲੀਬਾਰੀ ਵਿਚ ਉਸ ਦੀ ਮੌਤ ਹੋ ਗਈ।

ਵੀਰੇਂਦਰ ਦੇ ਨਾਲ ਉਸ ਦਾ ਇੱਕ ਸਾਥੀ ਵੀ ਸੀ, ਜਿਸ ਦੀ ਪਛਾਣ ਕੁਲਦੀਪ ਵਜੋਂ ਹੋਈ ਹੈ, ਜੋ ਕਿ ਪੰਜਾਬ ਦਾ ਰਹਿਣ ਵਾਲਾ ਹੈ। ਗੋਲੀਬਾਰੀ ਵਿੱਚ ਕੁਲਦੀਪ ਨੂੰ ਵੀ ਗੋਲੀ ਲੱਗੀ ਅਤੇ ਉਸ ਦੀ ਮੌਤ ਹੋ ਗਈ। ਹਮਲੇ ਵਿੱਚ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਰਿਪੋਰਟਾਂ ਅਨੁਸਾਰ, ਵੀਰੇਂਦਰ ਸਾਂਭੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਪੁਲਿਸ ਅਤੇ ਜਾਂਚ ਏਜੰਸੀਆਂ ਗੈਂਗਵਾਰ ਐਂਗਲ ਤੋਂ ਵੀ ਇਸ ਕਤਲ ਦੀ ਜਾਂਚ ਕਰ ਰਹੀਆਂ ਹਨ।

ਵਿਰੋਧੀ ਰੋਹਿਤ ਗੋਦਾਰਾ ਗੈਂਗ ਨੇ ਹਮਲੇ ਦੀ ਜ਼ਿੰਮੇਵਾਰੀ ਲਈ। ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਇੱਕ ਸੰਦੇਸ਼ ਵਿੱਚ, ਬਲਜੋਤ ਸਿੰਘ ਨੇ ਦਾਅਵਾ ਕੀਤਾ ਕਿ ਉਸ ਨੇ ਅਤੇ ਜੱਸਾ ਨੇ ਇਸ ਅਪਰਾਧ ਨੂੰ ਅੰਜਾਮ ਦਿੱਤਾ ਹੈ। ਪੋਸਟ ਵਿੱਚ ਲਾਰੈਂਸ ਬਿਸ਼ਨੋਈ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਹੋਰ ਹਮਲਿਆਂ ਦੀ ਚੇਤਾਵਨੀ ਦਿੱਤੀ ਗਈ ਸੀ।