ਅਮਰੀਕੀ ਫ਼ੌਜ ਵਿਚ ਸ਼ਾਮਲ ਹੋਈ ਅਨਮੋਲ ਨਾਰੰਗ ਨੂੰ UNITED SIKHS ਨੇ ਵੀ ਦਿੱਤੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੈਸਟ ਪੁਆਇੰਟ ਵਿਚ ਗ੍ਰੈਜੂਏਸ਼ਨ ਸਮਾਰੋਹ ਵਿਚ ਭਾਸ਼ਣ ਦੇਣਗੇ ਅਤੇ ਉਹ ਇਸ ਭਾਸ਼ਣ ਵਿਚ ਅਨਮੋਲ ਨਾਰੰਗ ਬਾਰੇ ਵੀ ਜ਼ਿਕਰ ਕਰਨਗੇ। 

File Photo

ਵਾਸ਼ਿੰਗਟਨ: ਅਮਰੀਕਾ ਦੀ ਫ਼ੌਜ ਵਿਚ ਪਹਿਲੀ ਵਾਰ ਕਿਸੇ ਸਿੱਖ ਬੀਬੀ ਨੂੰ ਸ਼ਾਮਲ ਕੀਤਾ ਗਿਆ ਹੈ। ਵੈਸਟ ਪੁਆਇੰਟ ਆਰਮੀ ਅਕੈਡਮੀ ਅਮਰੀਕਾ ਤੋਂ ਗ੍ਰੈਜੁਏਸ਼ਨ ਕਰ ਕੇ ਅਮਰੀਕੀ ਫ਼ੌਜ ਵਿਚ ਸ਼ਾਮਲ ਹੋਈ ਅਨਮੋਲ ਕੌਰ ਨਾਰੰਗ ਨੂੰ ਲੋਕਾਂ ਵਲੋਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ। ਲੋਕਾਂ ਦੇ ਨਾਲ ਨਾਲ ਯੁਨਾਇਟਡ ਸਿੱਖਜ਼ ਵੱਲੋਂ ਵੀ ਅਨਮੋਲ ਨਾਰੰਗ ਦਾ ਤਾਰੀਫ਼ ਕੀਤੀ ਗਈ ਹੈ ਅਤੇ ਉਸ ਨੂੰ ਵਧਾਈ ਵੀ ਦਿੱਤੀ ਗਈ ਹੈ।  

ਅਨਮੋਲ ਕੌਰ ਦੀ ਨਿਯੁਕਤੀ ਦੇ ਬਾਅਦ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਅਨਮੋਲ ਕੌਰ ਨੂੰ ਟਵਿੱਟਰ 'ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਵਧਾਈਆਂ ਦਿਤੀਆਂ ਹਨ। ਉਨ੍ਹਾਂ ਅਨਮੋਲ ਕੌਰ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਸ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਅਨਮੋਲ ਕੌਰ ਦੀ ਇਹ ਪ੍ਰਾਪਤੀ ਹੋਰਨਾਂ ਲਈ ਪ੍ਰੇਰਣਾ ਹੈ।  ਸਾਲ 2020 ਦੀ ਕਲਾਸ ਵਿਚੋਂ ਉਹ ਸੈਕਿੰਡ ਲੈਫ਼ਟੀਨੈਂਟ ਵਜੋਂ ਪਾਸ ਹੋਈ ਹੈ।

ਉਸ ਨੇ ਸਕੂਲੀ ਪੜ੍ਹਾਈ ਮਗਰੋਂ ਅਪਣਾ ਕੈਰੀਅਰ ਚੁਣਿਆ। ਪਰਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਅਨਮੋਲ ਕੌਰ 'ਤੇ ਮਾਣ ਹੈ।  ਦੱਸ ਦਈਏ ਕਿ ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਅਮਰੀਕੀ ਫ਼ੌਜ ਵਿਚ ਪਹਿਲੀ ਸਿੱਖ ਔਰਤ ਵਜੋਂ ਸ਼ਾਮਲ ਹੋਣ ‘ਤੇ ਅਨਮੋਲ ਕੌਰ ਨੂੰ ਵਧਾਈ ਦਿੱਤੀ ਹੈ।

ਦੱਸਣਯੋਗ ਹੈ ਕਿ ਅਨਮੋਲ ਕੌਰ ਨਾਰੰਗ ਨੇ ਵੈਸਟ ਪੁਆਇੰਟ ਆਰਮੀ ਅਕੈਡਮੀ ਯੂ.ਐਸ.ਏ. ਤੋਂ ਗ੍ਰੈਜੂਏਸ਼ਨ ਕਰਕੇ ਅਮਰੀਕੀ ਫ਼ੌਜ ਵਿਚ ਹਾਜ਼ਰੀ ਦਰਜ ਕੀਤੀ ਹੈ। ਲੌਂਗੋਵਾਲ ਨੇ ਅਨਮੋਲ ਕੌਰ ਦੀ ਪ੍ਰਾਪਤੀ ਨੂੰ ਕੌਮ ਲਈ ਵੱਡਾ ਮਾਣ ਦੱਸਦਿਆਂ ਆਖਿਆ ਕਿ ਅੱਜ ਦੇਸ਼ ਦੁਨੀਆਂ ਅੰਦਰ ਸਿੱਖਾਂ ਵੱਲੋਂ ਮਿਸਾਲੀ ਮੱਲਾਂ ਮਾਰੀਆਂ ਜਾ ਰਹੀਆਂ ਹਨ।

ਇਸ ਨਾਲ ਸਿੱਖ ਕੌਮ ਦੀ ਚੜ੍ਹਦੀ ਕਲਾ ਪੂਰੀ ਦੁਨੀਆਂ ਅੰਦਰ ਹੋਰ ਵੀ ਪੁਖਤਾ ਹੋ ਰਹੀ ਹੈ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੈਸਟ ਪੁਆਇੰਟ ਵਿਚ ਗ੍ਰੈਜੂਏਸ਼ਨ ਸਮਾਰੋਹ ਵਿਚ ਭਾਸ਼ਣ ਦੇਣਗੇ ਅਤੇ ਉਹ ਇਸ ਭਾਸ਼ਣ ਵਿਚ ਅਨਮੋਲ ਨਾਰੰਗ ਬਾਰੇ ਵੀ ਜ਼ਿਕਰ ਕਰਨਗੇ।