ਅਹਿਮ ਖ਼ਬਰ: ਕਿਊਬਿਕ 'ਚ ਨਿੱਜੀ ਕਾਲਜਾਂ ਦੀ ਪੜ੍ਹਾਈ ਮਗਰੋਂ ਹੁਣ ਨਹੀਂ ਮਿਲੇਗਾ 'ਓਪਨ ਵਰਕ ਪਰਮਿਟ'

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਲੰਘੇ ਸਮੇਂ ਤੋਂ ਕੁਝ ਨਿੱਜੀ ਕਾਲਜਾਂ ਵਲੋਂ ਵਿਦੇਸ਼ੀ ਵਿਦਿਅਰਥੀਆਂ ਤੋਂ ਮੋਟੀਆਂ ਫੀਸਾਂ ਵਸੂਲੀਆਂ ਜਾ ਰਹੀਆਂ ਸਨ (1 ਸਾਲ ਦੀ ਟਿਊਸ਼ਨ ਦੇ 25000 ਡਾਲਰ ਲਏ ਜਾਂਦੇ ਸਨ।)

After studying in private colleges in Quebec, you will no longer get an 'open work permit'

 

ਓਟਾਵਾ  - ਕੈਨੇਡਾ ਵਿਚ ਪੜ੍ਹਨ ਜਾ ਰਹੇ ਵਿਦੇਸ਼ੀ ਵਿਦਿਆਰਥੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ ਕਿ ਕੈਨੇਡਾ ਦੇ ਕਿਊਬਿਕ 'ਚ ਨਿੱਜੀ ਕਾਲਜਾਂ ਦੀ ਪੜ੍ਹਾਈ ਕਰਨ ਮਗਰੋਂ ਹੁਣ ਵਿਦਿਆਰਥੀਆਂ ਨੂੰ 'ਓਪਨ ਵਰਕ ਪਰਮਿਟ' ਨਹੀਂ ਮਿਲੇਗਾ। ਕੈਨੇਡਾ 'ਚ ਕਿਊਬਿਕ ਹੀ ਇਕ ਅਜਿਹਾ ਪ੍ਰਾਂਤ ਹੈ ਜਿੱਥੇ ਨਿੱਜੀ ਕਾਲਜਾਂ ਤੋਂ ਪੜ੍ਹਾਈ ਖ਼ਤਮ ਕਰਕੇ ਵੀ ਓਪਨ ਵਰਕ ਪਰਮਿਟ ਮਿਲ ਜਾਂਦਾ ਹੈ ਜਦਕਿ ਬਾਕੀ ਸਾਰੇ ਪ੍ਰਾਂਤਾਂ ਵਿਚ ਵਿਦੇਸ਼ੀ ਵਿਦਿਆਰਥਿਆਂ ਲਈ ਇਹਨਾਂ ਅਦਾਰਿਆਂ ਡੈਜ਼ੀਗਨੇਟਿਡ ਲਰਨਿੰਗ ਇੰਸਟੀਚਿਊਸ਼ਨ ਵਿਚ ਪੜ੍ਹਨਾ ਜ਼ਰੂਰੀ ਹੈ, ਜਿਨ੍ਹਾਂ ਨੂੰ ਸਰਕਾਰ ਵਲੋਂ ਫੰਡਿੰਗ (ਸਬਸਿਡੀ) ਵੀ ਦਿੱਤੀ ਜਾਂਦੀ ਹੋਵੇ। 

ਲੰਘੇ ਸਮੇਂ ਤੋਂ ਕੁਝ ਨਿੱਜੀ ਕਾਲਜਾਂ ਵਲੋਂ ਵਿਦੇਸ਼ੀ ਵਿਦਿਅਰਥੀਆਂ ਤੋਂ ਮੋਟੀਆਂ ਫੀਸਾਂ ਵਸੂਲੀਆਂ ਜਾ ਰਹੀਆਂ ਸਨ ਜਿਵੇਂ ਕਿ 1 ਸਾਲ ਦੀ ਟਿਊਸ਼ਨ ਦੇ 25000 ਡਾਲਰ ਲਏ ਜਾਂਦੇ ਸਨ। ਇਸ ਸਭ ਦੇ ਮੱਦੇਨਜ਼ਰ ਹੁਣ ਕੈਨੇਡਾ ਅਤੇ ਕਿਊਬਿਕ ਦੀਆਂ ਸਰਕਾਰਾਂ ਨੇ ਸਾਂਝੇ ਤੌਰ 'ਤੇ ਇਸ ਮਸਲੇ ਨੂੰ ਹੱਲ ਕਰਨ ਦਾ ਯਤਨ ਕੀਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਅਤੇ ਕਿਊਬਕ ਦੇ ਕਿਰਤ ਮੰਤਰੀ ਜੀਨ ਬੂਲੇ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਸਤੰਬਰ 2023 ਤੋਂ ਨਿੱਜੀ ਕਾਲਜਾਂ ਵਿਚ ਪੜ੍ਹਾਈ ਪੂਰੀ ਕਰਨ ਵਾਲੇ ਵਿਦੇਸ਼ੀ ਵਿਦਿਆਰਥੀ ਓਪਨ ਵਰਕ ਪਰਮਿਟ ਲੈਣ ਦੇ ਯੋਗ ਨਹੀਂ ਹੋਣਗੇ।

ਇਸ ਰੋਕ ਨਾਲ ਵਿਦੇਸ਼ਾਂ ਤੋਂ ਨਿੱਜੀ ਕਾਲਜਾਂ ਵਿਚ ਦਾਖਲੇ ਆਪਣੇ ਆਪ ਖ਼ਤਮ ਹੋ ਜਾਣਗੇ ਕਿਉਂਕਿ ਲੋਕਾਂ ਦਾ ਸਾਰਾ ਧਿਆਨ ਓਪਨ ਵਰਕ ਪਰਮਿਟ ਅਤੇ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਵੱਲ ਰਹਿੰਦਾ ਹੈ। ਭਾਰਤ ਤੋਂ ਕਿਊਬਕ 'ਚ ਵਿਦਿਆਰਥੀ ਵਜੋਂ ਜਾਣ ਵਾਲਿਆਂ ਦੀ ਗਿਣਤੀ ਬੀਤੇ ਕੁਝ ਸਾਲਾਂ ਦੌਰਾਨ ਤੇਜ਼ੀ ਨਾਲ਼ ਵਧੀ ਹੈ ਜੋ ਕਿ 2017 'ਚ 2686 ਤੋਂ ਵਧ ਕੇ 2020 'ਚ 14712 ਹੋ ਗਈ ਸੀ। ਉਨ੍ਹਾਂ ਵਿਚ ਬਹੁਤ ਵੱਡੀ ਗਿਣਤੀ ਨੌਜਵਾਨ ਨਿੱਜੀ ਕਾਲਜਾਂ ਵਿਚ ਦਾਖਲੇ ਲੈ ਕੇ ਗਏ। ਜਦੋਂ ਕਿਸੇ ਕਾਲਜ ਵਲੋਂ ਵਿਦਿਆਰਥੀਆਂ ਨੂੰ ਖੱਜਲ਼-ਖੁਆਰ ਕੀਤਾ ਜਾਂਦਾ ਸੀ ਤਾਂ ਪ੍ਰੇਸ਼ਾਨ ਹੋਣ ਵਾਲੇ ਮੁੰਡੇ ਅਤੇ ਕੁੜੀਆਂ ਆਮ ਤੌਰ 'ਤੇ ਭਾਰਤੀ ਹੀ ਹੁੰਦੇ ਸਨ।