ਅਮਰੀਕਾ ਸਿੱਖ ਪਰਿਵਾਰ ਕਤਲਕਾਂਡ: ਦੋਸ਼ੀ ਨੇ ਨਹੀਂ ਕਬੂਲਿਆ ਗੁਨਾਹ, ਭਲਕੇ ਕੀਤਾ ਜਾਵੇਗਾ ਮ੍ਰਿਤਕਾਂ ਦਾ ਸਸਕਾਰ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਅਦਾਲਤ ਵੱਲੋਂ ਸਾਲਗਾਡੋ ਲਈ ਨਿਯੁਕਤ ਕੀਤੇ ਗਏ ਵਕੀਲ ਡਗਲਸ ਫ਼ੋਸਟਰ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ।

America Sikh family murder case: The accused did not confess the crime, the dead will be cremated on Saturday

 

ਸੈਨ ਫ਼ਰਾਂਸਿਸਕੋ - ਇਸ ਮਹੀਨੇ ਦੀ ਸ਼ੁਰੂਆਤ ਵਿੱਚ ਅਮਰੀਕਾ ਵਿਖੇ ਅੱਠ ਮਹੀਨੇ ਦੀ ਬੱਚੀ ਸਮੇਤ ਭਾਰਤੀ ਮੂਲ ਦੇ ਸਿੱਖ ਪਰਿਵਾਰ ਨੂੰ ਅਗਵਾ ਕਰਕੇ ਕਤਲ ਕਰਨ ਦੇ ਦੋਸ਼ੀ ਨੇ  ਵੀਰਵਾਰ ਨੂੰ ਆਪਣਾ ਗੁਨਾਹ ਕਬੂਲ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਅੱਠ ਮਹੀਨੇ ਦੀ ਮਾਸੂਮ ਬੱਚੀ ਆਰੂਹੀ ਧੇਰੀ, ਉਸ ਦੇ ਮਾਤਾ-ਪਿਤਾ ਅਤੇ ਇੱਕ ਰਿਸ਼ਤੇਦਾਰ ਨੂੰ ਕਥਿਤ ਤੌਰ 'ਤੇ 3 ਅਕਤੂਬਰ ਨੂੰ ਜੀਜ਼ਸ ਸਾਲਗਾਡੋ ਨੇ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਸੀ।

ਅਧਿਕਾਰੀਆਂ ਦਾ ਦੋਸ਼ ਹੈ ਕਿ ਸਾਲ ਪਹਿਲਾਂ ਪੀੜਤ ਸਿੱਖ ਪਰਿਵਾਰ ਦੀ ਹੀ ਟਰੱਕ ਕੰਪਨੀ ਵਿੱਚ ਕੰਮ ਕਰਨ ਵਾਲੇ ਸਾਲਗਾਡੋ ਨੇ, ਅਗਵਾ ਕਰਨ ਦੇ ਇੱਕ ਘੰਟੇ ਦੇ ਅੰਦਰ ਹੀ ਪਰਿਵਾਰ ਦਾ ਕਤਲ ਕਰ ਦਿੱਤਾ ਸੀ। ਉਨ੍ਹਾਂ ਦੀਆਂ ਲਾਸ਼ਾਂ ਅਗਵਾ ਹੋਣ ਤੋਂ ਦੋ ਦਿਨ ਬਾਅਦ ਦੂਰ-ਦੁਰਾਡੇ ਦੇ ਇਲਾਕੇ ਤੋਂ ਬਰਾਮਦ ਹੋਈਆਂ ਸੀ। ਜਾਣਕਾਰੀ ਮਿਲੀ ਹੈ ਕਿ 48 ਸਾਲਾ ਦੋਸ਼ੀ ਨੇ ਆਪਣਾ ਗੁਨਾਹ ਕਬੂਲ ਨਹੀਂ ਕੀਤਾ। ਉਸ 'ਤੇ ਅਗਲੇ ਮਹੀਨੇ ਤੱਕ ਮੁਕੱਦਮੇ ਚੱਲਣ ਦੀ ਸੰਭਾਵਨਾ ਹੈ ਅਤੇ ਇਸ ਸਮੇਂ ਉਹ ਜੇਲ੍ਹ ਵਿੱਚ ਹੈ।

ਅਦਾਲਤ ਵੱਲੋਂ ਸਾਲਗਾਡੋ ਲਈ ਨਿਯੁਕਤ ਕੀਤੇ ਗਏ ਵਕੀਲ ਡਗਲਸ ਫ਼ੋਸਟਰ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। 8 ਮਹੀਨੇ ਦੀ ਆਰੂਹੀ, ਉਸ ਦੀ ਮਾਂ ਜਸਲੀਨ ਕੌਰ (27), ਉਸ ਦੇ ਪਿਤਾ ਜਸਦੀਪ ਸਿੰਘ (36) ਅਤੇ ਜਸਦੀਪ ਦੇ ਭਰਾ ਅਮਨਦੀਪ ਸਿੰਘ (39) ਦੀਆਂ ਲਾਸ਼ਾਂ ਕੈਲੀਫ਼ੋਰਨੀਆ ਦੀ ਸੈਨ ਜੋਆਕਿਨ ਵੈਲੀ ਵਿੱਚ ਇੱਕ ਬਦਾਮ ਦੇ ਬਾਗ਼ 'ਚ ਇੱਕ ਕਿਸਾਨ ਦੁਆਰਾ ਬਰਾਮਦ ਕੀਤੀਆਂ ਗਈਆਂ ਸਨ।

ਸਾਲਗਾਡੋ 'ਤੇ ਕਤਲ ਦੇ ਚਾਰ ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਹੈ। ਉਸ 'ਤੇ ਅੱਗਜ਼ਨੀ ਅਤੇ ਹਥਿਆਰ ਰੱਖਣ ਦਾ ਵੀ ਦੋਸ਼ ਹੈ। ਦੋਸ਼ੀ ਪਾਏ ਜਾਣ 'ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸ ਦੌਰਾਨ ਆਰੂਹੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕਾਂ ਦਾ ਅੰਤਿਮ ਸਸਕਾਰ ਸ਼ਨੀਵਾਰ ਨੂੰ ਟਰਲੋਕ 'ਚ ਕੀਤਾ ਜਾਵੇਗਾ। ਅੰਤਿਮ ਸਸਕਾਰ 'ਚ ਸਿਰਫ਼ ਪਰਿਵਾਰਕ ਮੈਂਬਰ ਹੀ  ਸ਼ਾਮਲ ਹੋਣਗੇ, ਪਰ ਪਰਿਵਾਰ ਦਾ ਸਮਰਥਨ ਕਰਨ ਵਾਲੇ ਲੋਕ ਅੰਤਿਮ ਸਸਕਾਰ ਵਾਲੀ ਥਾਂ ਦੇ ਬਾਹਰ ਇਕੱਠੇ ਹੋ ਸਕਦੇ ਹਨ।