ਹਾਂਗਕਾਂਗ ਹਾਈਕੋਰਟ 'ਚ ਸਾਲਿਸਟਰ ਬਣਿਆ 25 ਸਾਲਾ ਸਿੱਖ ਨੌਜਵਾਨ ਸਾਜਨਦੀਪ ਸਿੰਘ
ਨਸਲੀ ਵਿਤਕਰੇ ਦੇ ਬਾਵਜੂਦ ਖੁਦ ਨੂੰ ਸਿੱਖੀ ਸਰੂਪ ’ਚ ਕੀਤਾ ਸਥਾਪਿਤ
ਹਾਂਗਕਾਂਗ: 25 ਸਾਲਾ ਸਿੱਖ ਨੌਜਵਾਨ ਸਾਜਨਦੀਪ ਸਿੰਘ ਹਾਂਗਕਾਂਗ ਦਾ ਪਹਿਲਾ ਸਥਾਨਕ ਤੌਰ 'ਤੇ ਸਿਖਲਾਈ ਪ੍ਰਾਪਤ ਦਸਤਾਰਧਾਰੀ ਵਕੀਲ ਬਣਿਆ ਹੈ। ਸਾਜਨਦੀਪ ਸਿੰਘ ਨੇ ਪਿਛਲੇ ਮਹੀਨੇ ਹਾਂਗਕਾਂਗ ਦੀ ਹਾਈਕੋਰਟ 'ਚ ਬਤੌਰ ਸਾਲਿਸਟਰ ਸਹੁੰ ਚੁੱਕੀ। ਇਹ ਪਲ ਸਮੁੱਚੇ ਭਾਈਚਾਰੇ ਲਈ ਮਾਣ ਵਾਲਾ ਪਲ ਬਣ ਗਿਆ। 29 ਅਕਤੂਬਰ ਨੂੰ ਸਹੁੰ ਚੁੱਕਣ ਵਾਲੇ 23 ਨਵੇਂ ਵਕੀਲਾਂ ਵਿਚੋਂ ਸਾਜਨਦੀਪ ਸਿੰਘ ਘੱਟ ਗਿਣਤੀ ਭਾਈਚਾਰੇ ਦਾ ਇੱਕਲੌਤਾ ਮੈਂਬਰ ਸੀ। ਸਾਜਨਦੀਪ ਸਿੰਘ ਦਾ ਕਹਿਣਾ ਹੈ ਕਿ, “ਮੈਂ ਕਈ ਭਾਵਨਾਵਾਂ ਮਹਿਸੂਸ ਕੀਤੀਆਂ। ਇਹ ਕਈ ਸਾਲਾਂ ਦੀ ਮਿਹਤਨ ਦਾ ਸਿੱਟਾ ਸੀ”।
ਸਾਜਨਦੀਪ ਨੇ 2019 ਵਿਚ ਸਿਟੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਇਕ ਸਾਲ ਬਾਅਦ ਉਹਨਾਂ ਨੇ ਪੋਸਟ ਗ੍ਰੈਜੂਏਟ ਸਰਟੀਫਿਕੇਟ ਪ੍ਰਾਪਤ ਕੀਤਾ। ਇਸ ਮਗਰੋਂ ਉਹ ਸਿਖਲਾਈ ਲਈ ਰੈਵੇਨਸਕ੍ਰਾਫਟ ਐਂਡ ਸ਼ਮੀਅਰਰ ਨਾਲ ਜੁੜ ਗਏ। ਉਹਨਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਕਾਨੂੰਨੀ ਦ੍ਰਿਸ਼ਟੀਕੋਣ ਵਿਚ ਘੱਟ-ਗਿਣਤੀਆਂ ਦੇ ਮੈਂਬਰਾਂ ਦੀ ਨੁਮਾਇੰਦਗੀ ਘੱਟ ਹੈ ਅਤੇ ਉਹਨਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਅਜੇ ਵੀ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੂੰ ਅਦਾਲਤ ਦੇ ਸੁਰੱਖਿਆ ਅਮਲੇ ਨੇ ਕਈ ਵਾਰ ਰੋਕਿਆ। ਉਹਨਾਂ ਨੇ ਅੱਗੇ ਕਿਹਾ ਕਿ ਕਈ ਮੌਕੇ ਅਜਿਹੇ ਵੀ ਸਨ, ਜਦੋਂ ਲੋਕਾਂ ਨੇ ਬੱਸ ਅਤੇ ਰੇਲਗੱਡੀ ਵਿਚ ਉਹਨਾਂ ਦੇ ਕੋਲ ਬੈਠਣ ਤੋਂ ਇਨਕਾਰ ਕਰ ਦਿੱਤਾ ਜਾਂ ਉਹਨਾਂ ਵੱਲ ਹੈਰਾਨੀ ਨਾਲ ਤੱਕਿਆ।
ਸਾਜਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਨਸਲੀ ਵਿਤਕਰੇ ਤੋਂ ਬਚਣ ਲਈ ਆਪਣੇ ਕੇਸ ਵੀ ਕਤਲ ਕਰਵਾਏ ਸਨ। ਇਸ ਮਗਰੋਂ 2019 ਵਿਚ ਉਹਨਾਂ ਨੇ ਆਪਣੇ ਵੱਡੇ ਭਰਾ ਡਾ. ਸੁਖਜੀਤ ਸਿੰਘ (ਜੋ ਕਿ ਹਾਂਗਕਾਂਗ ਦੇ ਪਹਿਲੇ ਅੰਮ੍ਰਿਤਧਾਰੀ ਡਾਕਟਰ ਹਨ) ਤੋਂ ਪ੍ਰੇਰਿਤ ਹੋ ਕੇ ਸਿੱਖੀ ਸਰੂਪ ਧਾਰਨ ਕੀਤਾ। ਸਾਜਨਦੀਪ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਪੱਟੀ ਹਾਂਗਕਾਂਗ ਜੇਲ੍ਹ ਵਿਭਾਗ 'ਚ ਬਤੌਰ ਨਰਸਿੰਗ ਇੰਸਪੈਕਟਰ ਸੇਵਾਵਾਂ ਨਿਭਾਅ ਰਹੇ ਹਨ ਅਤੇ ਮਾਤਾ ਹਰਪ੍ਰੀਤ ਕੌਰ ਭਾਰਤੀ ਬੈਂਕ ਦੇ ਕਰਮਚਾਰੀ ਹਨ। ਸਾਜਨਦੀਪ ਸਿੰਘ ਦਾ ਪਰਿਵਾਰ ਪੰਜਾਬ ਤੋਂ ਤਰਨ ਤਾਰਨ ਦੇ ਪੱਟੀ ਨਾਲ ਸੰਬੰਧਤ ਹੈ ਅਤੇ ਉਹਨਾਂ ਦੇ ਦਾਦਾ ਸਵ. ਪ੍ਰੀਤਮ ਸਿੰਘ ਪੱਟੀ ਅਤੇ ਦਾਦੀ ਮਹਿੰਦਰ ਕੌਰ 1960 ਵਿਚ ਪੰਜਾਬ ਤੋਂ ਆ ਕੇ ਹਾਂਗਕਾਂਗ ਵਸ ਗਏ ਸਨ।
ਉਹਨਾਂ ਦਾ ਕਹਿਣਾ ਹੈ ਕਿ, "ਅੰਤ ਵਿਚ ਅਸੀਂ ਸਮਾਜ ਵਿਚ ਇਕ ਪੜਾਅ 'ਤੇ ਪਹੁੰਚ ਰਹੇ ਹਾਂ ਜਿੱਥੇ ਅਸੀਂ ਵਿਭਿੰਨਤਾ ਅਤੇ ਸ਼ਮੂਲੀਅਤ ਦਾ ਜਸ਼ਨ ਮਨਾ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਹੁਣ ਸਮਾਜ ਵਿਚ ਇਕ ਬਹੁਤ ਮਹੱਤਵਪੂਰਨ ਸਮਾਂ ਹੈ ਜਿੱਥੇ ਅਸੀਂ ਉਹ ਬਣ ਸਕਦੇ ਹਾਂ ਜੋ ਅਸੀਂ ਹਾਂ ”। ਸਾਜਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਯੂਨੀਵਰਸਿਟੀ ਜਾਣ ਦੀ ਇੱਛਾ ਰੱਖਦੇ ਸਨ ਪਰ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਉਹਨਾਂ ਨੂੰ ਛੋਟੀ ਉਮਰ ਵਿਚ ਕੰਮ ਕਰਨਾ ਸ਼ੁਰੂ ਕਰਨਾ ਪਿਆ।