ਸਪੇਨ 'ਚ ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਨੌਜਵਾਨ ਦੀ ਮੌਤ
ਕਪੂਰਥਲਾ ਦੇ ਪਿੰਡ ਤਲਵੰਡੀ ਚੌਧਰੀਆਂ ਦਾ ਰਹਿਣ ਵਾਲਾ ਸੀ ਚਰਨਜੀਤ ਸਿੰਘ
ਸੁਲਤਾਨਪੁਰ ਲੋਧੀ: ਸਪੇਨ ਵਿਚ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਸਪੇਨ ਵਿਚ ਰੋਜ਼ੀ-ਰੋਟੀ ਕਮਾਉਣ ਗਏ ਪਿੰਡ ਤਲਵੰਡੀ ਚੌਧਰੀਆਂ ਦੇ ਸਵ: ਕੇਵਲ ਕ੍ਰਿਸ਼ਨ ਦੇ ਬੇਟਾ ਚਰਨਜੀਤ ਮੈਸੇਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਦੇ ਛੋਟੇ ਭਰਾ ਅਮਨਦੀਪ ਮੈਸੇਨ ਨੇ ਦਸਿਆ ਕਿ ਘਰ ਦੇ ਹਾਲਾਤ ਠੀਕ ਨਾ ਹੋਣ ਕਾਰਨ ਬੜੀ ਮੁਸ਼ਕਲ ਨਾਲ ਰੁਪਏ ਇੱਕਠ ਕਰ ਕੇ ਅਪਣੇ ਭਰਾ ਚਰਨਜੀਤ ਮੈਸੇਨ ਨੂੰ ਸਪੇਨ ਭੇਜਿਆ ਸੀ। ਚਰਨਜੀਤ ਮੈਸੇਨ ਸਪੇਨ ਵਿਚ ਰੋਜ਼ਾਨਾ ਕੰਮ ਕਰ ਕੇ ਅਪਣੇ ਪ੍ਰਵਾਰ ਜਿਸ ਵਿਚ ਪਤਨੀ ਅਤੇ ਇਕ ਦੋ ਸਾਲ ਦੇ ਬੇਟੇ ਦਾ ਪਾਲਣ ਪੋਸ਼ਣ ਕਰਨ ਦੇ ਨਾਲ ਵਿਧਵਾ ਮਾਤਾ ਆਸ਼ਾ ਰਾਣੀ ਨੂੰ ਵੀ ਭਾਰਤ ਵਿਚ ਖ਼ਰਚਾ ਭੇਜਦਾ ਸੀ।
ਜਿਸ ਨਾਲ ਸਾਡੀ ਰੋਜ਼ੀ ਰੋਟੀ ਦਾ ਚੰਗਾ ਜੁਗਾੜ ਹੋ ਜਾਂਦਾ ਸੀ। ਚਰਨਜੀਤ ਦੀ ਮੌਤ ਹੋਣ ਕਾਰਨ ਸਾਡੇ ਪ੍ਰਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਚਰਨਜੀਤ ਮੈਸੇਨ ਦੀ ਮੌਤ ਦੀ ਖ਼ਬਰ ਸੁਣ ਕੇ ਤਲਵੰਡੀ ਚੌਧਰੀਆਂ ਵਿਚ ਮਾਤਮ ਛਾਇਆ ਹੋਇਆ ਹੈ। ਨਗਰ ਨਿਵਾਸੀ ਉਨ੍ਹਾਂ ਦੇ ਗ੍ਰਹਿ ਵਿਚ ਅਫ਼ਸੋਸ ਕਰਨ ਲਈ ਵੱਡੀ ਗਿਣਤੀ ਵਿਚ ਪੁੱਜ ਰਹੇ ਹਨ। ਉਨ੍ਹਾਂ ਦਸਿਆ ਕਿ ਚਰਨਜੀਤ ਮੈਸੇਨ ਦਾ ਸਸਕਾਰ ਅਤੇ ਅੰਤਮ ਅਰਦਾਸ ਸਪੇਨ ਵਿਚ ਕਰ ਦਿਤੀ ਜਾਵੇਗੀ।