ਅੱਜ ਤੇ ਭਲਕੇ ਅਮਰੀਕਾ ਤੋਂ ਕੱਢੇ 276 ਭਾਰਤੀਆਂ ਨੂੰ ਲੈ ਕੇ ਦੋ ਜਹਾਜ਼ ਪੰਜਾਬ ਦੀ ਧਰਤੀ ’ਤੇ ਉਤਰਨਗੇ
CM ਭਗਵੰਤ ਮਾਨ ਅੱਜ ਵਾਪਸ ਆ ਰਹੇ ਭਾਰਤੀਆਂ ਨੂੰ ਲੈਣ ਅੰਮ੍ਰਿਤਸਰ ਹਵਾਈ ਅੱਡੇ ਪਹੁੰਚਣਗੇ
ਚੰਡੀਗੜ੍ਹ, (ਭੁੱਲਰ) : ਅਮਰੀਕਾ ਤੋਂ ਡੋਨਾਲਡ ਟਰੰਪ ਸਰਕਾਰ ਵਲੋਂ ਗ਼ੈਰ ਕਾਨੂੰਨੀ ਤੌਰ ’ਤੇ ਉਥੇ ਵਸੇ ਭਾਰਤੀਆਂ ਨੂੰ ਡਿਪੋਰਟ ਕਰ ਕੇ ਭਾਰਤ ਵਾਪਸ ਭੇਜੇ ਜਾਣ ਦਾ ਸਿਲਸਿਲਾ ਜਾਰੀ ਹੈ। ਹੁਣ 15 ਅਤੇ 16 ਫ਼ਰਵਰੀ ਨੂੰ ਡਿਪੋਰਟ ਕੀਤੇ 276 ਭਾਰਤੀਆਂ ਨੂੰ ਅਮਰੀਕਾ ਤੋਂ ਲੈ ਕੇ ਯੂ.ਐਸ. ਫ਼ੌਜ ਦੇ ਦੋ ਜਹਾਜ਼ ਆ ਰਹੇ ਹਨ।
ਪਹਿਲੀ ਵਾਰ ਵੀ ਪਿਛਲੇ ਦਿਨੀ 104 ਭਾਰਤੀਆਂ ਦੀ ਉਡਾਨ ਅੰਮ੍ਰਿਤਸਰ ਹੀ ਉਤਰੀ ਸੀ ਅਤੇ ਇਸ ਵਿਰੁਧ ਪੰਜਾਬ ਦੇ ਆਗੂਆਂ ਨੇ ਸਖ਼ਤ ਪ੍ਰਤੀਕਿਰਿਆਵਾਂ ਵੀ ਦਿਤੀਆਂ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਕਾਰਨ ਕਾਫ਼ੀ ਨਾਰਾਜ਼ ਹਨ ਅਤੇ ਉਹ ਇਸ ਵਾਰ ਖ਼ੁਦ ਅੰਮ੍ਰਿਤਸਰ ਹਵਾਈ ਅੱਡੇ ਉਪਰ 16 ਫ਼ਰਵਰੀ ਨੂੰ ਪਹੁੰਚ ਕੇ ਵਾਪਸ ਆ ਰਹੇ ਭਾਰਤੀਆਂ ਨੂੰ ਮਿਲਣਗੇ।
ਮਿਲੀ ਜਾਣਕਾਰੀ ਅਨੁਸਾਰ 15 ਫ਼ਰਵਰੀ ਨੂੰ ਆਉਣ ਵਾਲੀ ਪਹਿਲੀ ਉਡਾਨ ’ਚ 119 ਭਾਰਤੀ ਲਿਆਂਦੇ ਜਾ ਰਹੇ ਹਨ। ਇਨ੍ਹਾਂ ’ਚ ਸਭ ਤੋਂ ਵੱਧ 67 ਪੰਜਾਬੀ ਦੱਸੇ ਜਾ ਰਹੇ ਹਨ ਅਤੇ 33 ਹਰਿਆਣਾ ਤੋਂ ਹਲ। ਦੂਜੀ ਉਡਾਣ ’ਚ 157 ਭਾਰਤੀਆਂ ’ਚ 20 ਪੰਜਾਬੀ ਸ਼ਾਮਲ ਹਨ।