ਮਾਣ ਵਾਲੀ ਗੱਲ! ਕੈਨੇਡਾ 'ਚ 4 ਪੰਜਾਬੀਆਂ ਨੂੰ ਮਿਲਿਆ ਉੱਚ ਸਨਮਾਨ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਕੁੱਲ 25 ਸ਼ਖ਼ਸੀਅਤਾਂ ਵਿਚ ਇਕ ਪੰਜਾਬਣ ਸਮੇਤ 4 ਪੰਜਾਬੀ ਸ਼ਾਮਿਲ ਹਨ।

Balbir Kaur, Nirmal Singh, harbhajan Singh Atwal

ਐਬਟਸਫੋਰਡ - ਪੰਜਾਬੀ ਜਿੱਥੇ ਵੀ ਵੱਸਦੇ ਹਨ ਉਹ ਕਿਸੇ ਨਾ ਕਿਸੇ ਖੇਤਰ ਵਿਚ ਪੰਜਾਬੀਆਂ ਦਾ ਨਾਮ ਉੱਚਾ ਜ਼ਰੂਰ ਕਰਦੇ ਹਨ। ਹੁਣ ਇਸੇ ਹੀ ਤਰ੍ਹਾਂ 4 ਪੰਜਾਬੀਆਂ ਨੂੰ ਕੈਨੇਡਾ ਵਿਚ ਉੱਚ ਸਨਮਾਨ ਹਾਸਲ ਹੋਇਆ ਹੈ। ਦਰਅਸਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਨੇ 'ਬੀ ਸੀ ਅਚੀਵਮੈਂਟ ਕਮਿਊਨਿਟੀ ਐਵਾਰਡ-2021' ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।

ਇਹ ਉੱਚ ਸਨਮਾਨ ਪ੍ਰਾਪਤ ਕਰਨ ਵਾਲੀਆਂ ਕੁੱਲ 25 ਸ਼ਖ਼ਸੀਅਤਾਂ ਵਿਚ ਇਕ ਪੰਜਾਬਣ ਸਮੇਤ 4 ਪੰਜਾਬੀ ਸ਼ਾਮਿਲ ਹਨ। ਸੂਬਾ ਸਰਕਾਰ ਵਲੋਂ ਹਰ ਸਾਲ ਇਹ ਪੁਰਸਕਾਰ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਸਮਾਜ ਸੇਵਾ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੋਵੇ। 'ਬੀ. ਸੀ. ਅਚੀਵਮੈਂਟ ਕਮਿਊਨਿਟੀ ਐਵਾਰਡ-2021' ਪੁਰਸਕਾਰ ਪ੍ਰਾਪਤ ਕਰਨ ਵਾਲੇ ਖ਼ਾਲਸਾ ਦੀਵਾਨ ਸੁਸਾਇਟੀ ਨਿਊਵੈਸਟ ਮਿਨਸਟਰ ਦੇ ਪ੍ਰਧਾਨ ਹਰਭਜਨ ਸਿੰਘ ਅਟਵਾਲ ਸੰਨ 1968 ਵਿਚ ਪੰਜਾਬ ਤੋਂ ਕੈਨੇਡਾ ਆਏ ਸਨ।

14 ਸਾਲ ਪਹਿਲਾਂ ਉਨ੍ਹਾਂ ਗੁਰੂ ਨਾਨਕ ਫ੍ਰੀ ਕਿਚਨ ਦੀ ਸਥਾਪਨਾ ਕੀਤੀ, ਜਿਸ ਰਾਂਹੀ ਲੋੜਵੰਦਾਂ ਨੂੰ ਮੁਫ਼ਤ ਭੋਜਨ ਛਕਾਇਆ ਜਾਂਦਾ ਸੀ। ਵੈਨਕੂਵਰ ਪੁਲਿਸ ਦੇ ਡਿਟੈਕਟਿਵ ਕਲ ਦੁਸਾਂਝ ਕਿੱਡਜ਼ ਪਲੇ ਯੂਥ ਫਾਊਡੇਸ਼ਨ ਦੇ ਸੰਸਥਾਪਕ ਹਨ। ਇਸ ਸੰਸਥਾ ਵਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਹਿੰਸਾ, ਗੈਂਗਵਾਰ ਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਕੈਂਪ ਲਾਏ ਜਾਂਦੇ ਹਨ।

ਕਵਾਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਸਰੀ ਵਿਖੇ ਪ੍ਰੋਫੈਸਰ ਡਾ: ਬਲਵੀਰ ਕੌਰ ਗੁਰਮ ਦਾ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਵਿਚ ਅਹਿਮ ਯੋਗਦਾਨ ਹੈ। ਸੰਨ 1969 'ਚ ਕੈਨੇਡਾ ਆਏ ਨਿਰਮਲ ਸਿੰਘ ਪਰਮਾਰ ਟੈਰਸ ਸ਼ਹਿਰ ਦੀਆਂ ਅਨੇਕਾਂ ਸੰਸਥਾਵਾਂ ਨਾਲ ਵਲੰਟੀਅਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।