ਅੰਬੇਡਕਰ ਦੀ ਭਾਰਤ ਤੋਂ ਬਾਹਰ ਅਮਰੀਕਾ ’ਚ ਸਭ ਤੋਂ ਉੱਚੀ ਮੂਰਤੀ ਦਾ ਉਦਘਾਟਨ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਭਾਰੀ ਮੀਂਹ ਅਤੇ ਬੂੰਦਾਬਾਂਦੀ ਦੇ ਬਾਵਜੂਦ ਲੋਕਾਂ ਨੇ ਪੂਰੇ ਉਤਸ਼ਾਹ ਅਤੇ ਊਰਜਾ ਨਾਲ ਪ੍ਰੋਗਰਾਮ ’ਚ ਹਿੱਸਾ ਲਿਆ

Maryland: A 19-feet tall statue of B.R. Ambedkar during its inauguration, in Maryland, USA, Saturday, Oct. 14, 2023. This statue is the tallest statue of Ambedkar outside India. (PTI Photo)

ਵਾਸ਼ਿੰਗਟਨ: ਭਾਰਤੀ ਸੰਵਿਧਾਨ ਦੇ ਪ੍ਰਮੁੱਖ ਆਰਕੀਟੈਕਟ ਡਾ. ਬੀ.ਆਰ.ਅੰਬੇਦਕਰ ਦੀ ਭਾਰਤ ਤੋਂ ਬਾਹਰ ਸਭ ਤੋਂ ਵੱਡੀ ਮੂਰਤੀ ਦਾ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੇ ਮੈਰੀਲੈਂਡ ਉਪਨਗਰ ਵਿਚ ਰਸਮੀ ਤੌਰ ’ਤੇ ਉਦਘਾਟਨ ਕੀਤਾ ਗਿਆ। ਭਾਰਤ ਅਤੇ ਹੋਰ ਦੇਸ਼ਾਂ ਦੇ ਲੋਕਾਂ ਅਤੇ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਆਏ 500 ਤੋਂ ਵੱਧ ਭਾਰਤੀ-ਅਮਰੀਕੀਆਂ ਦੀ ਮੌਜੂਦਗੀ ’ਚ ‘ਜੈ ਭੀਮ’ ਦੇ ਨਾਅਰਿਆਂ ਵਿਚਕਾਰ 19 ਫੁੱਟ ਉੱਚੀ ‘ਸਮਾਨਤਾ ਦੀ ਮੂਰਤੀ’ ਦਾ ਉਦਘਾਟਨ ਕੀਤਾ ਗਿਆ।

ਭਾਰੀ ਮੀਂਹ ਅਤੇ ਬੂੰਦਾਬਾਂਦੀ ਦੇ ਬਾਵਜੂਦ ਲੋਕਾਂ ਨੇ ਪੂਰੇ ਉਤਸ਼ਾਹ ਅਤੇ ਊਰਜਾ ਨਾਲ ਪ੍ਰੋਗਰਾਮ ’ਚ ਹਿੱਸਾ ਲਿਆ। ਇਸ ਮੂਰਤੀ ਨੂੰ ਮਸ਼ਹੂਰ ਕਲਾਕਾਰ ਅਤੇ ਮੂਰਤੀਕਾਰ ਰਾਮ ਸੁਤਾਰ ਨੇ ਬਣਾਇਆ ਹੈ। ਸੁਤਾਰ ਨੇ ਹੀ ਸਰਦਾਰ ਪਟੇਲ ਦਾ ਬੁੱਤ ਵੀ ਬਣਾਇਆ, ਜਿਸ ਨੂੰ ‘ਸਟੈਚੂ ਆਫ ਯੂਨਿਟੀ’ ਕਿਹਾ ਜਾਂਦਾ ਹੈ। ਗੁਜਰਾਤ ’ਚ ਸਰਦਾਰ ਸਰੋਵਰ ਡੈਮ ਦੇ ਹੇਠਾਂ ਨਰਮਦਾ ਦੇ ਇਕ ਟਾਪੂ ’ਤੇ ‘ਸਟੈਚੂ ਆਫ਼ ਯੂਨਿਟੀ’ ਸਥਾਪਤ ਕੀਤੀ ਗਈ ਹੈ। 

ਅੰਬੇਡਕਰ ਇੰਟਰਨੈਸ਼ਨਲ ਸੈਂਟਰ (ਏ.ਆਈ.ਸੀ.) ਦੇ ਪ੍ਰਧਾਨ ਰਾਮ ਕੁਮਾਰ ਨੇ ਸਮਾਰੋਹ ਤੋਂ ਬਾਅਦ ਕਿਹਾ, ‘‘ਅਸੀਂ ਇਸ ਨੂੰ ਸਮਾਨਤਾ ਦੀ ਮੂਰਤੀ ਦਾ ਨਾਂ ਦਿਤਾ ਹੈ... ਇਹ (ਅਸਮਾਨਤਾ ਦੀ ਸਮੱਸਿਆ) ਸਿਰਫ਼ ਭਾਰਤ ’ਚ ਹੀ ਨਹੀਂ ਹੈ, ਇਹ ਹਰ ਥਾਂ (ਵੱਖ-ਵੱਖ ਰੂਪਾਂ ਵਿੱਚ) ਮੌਜੂਦ ਹੈ।’’

14 ਅਪ੍ਰੈਲ 1891 ਨੂੰ ਜਨਮੇ ਡਾ. ਭੀਮ ਰਾਓ ਅੰਬੇਡਕਰ ਸੰਵਿਧਾਨ ਸਭਾ ਦੀ ਸਭ ਤੋਂ ਮਹੱਤਵਪੂਰਨ ਡਰਾਫਟ ਕਮੇਟੀ ਦੇ ਚੇਅਰਮੈਨ ਸਨ। ਵ੍ਹਾਈਟ ਹਾਊਸ ਤੋਂ ਲਗਭਗ 22 ਮੀਲ ਦੱਖਣ ਵਿਚ ਐਕੋਕੀਕ ਟਾਊਨਸ਼ਿਪ ਵਿਚ ਸਥਿਤ 13 ਏਕੜ ਏ.ਆਈ.ਸੀ. ’ਚ ਇਕ ਲਾਇਬ੍ਰੇਰੀ, ਕਾਨਫਰੰਸ ਸੈਂਟਰ ਅਤੇ ਬੁੱਧ ਗਾਰਡਨ ਵੀ ਸ਼ਾਮਲ ਹੋਵੇਗਾ।

ਦਲਿਤ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ ਦੇ ਰਾਸ਼ਟਰੀ ਪ੍ਰਧਾਨ ਰਵੀ ਕੁਮਾਰ ਨਾਰਾ ਨੇ ਕਿਹਾ, ‘‘ਇਹ ਅਮਰੀਕਾ ’ਚ ਬਾਬਾ ਸਾਹਿਬ ਦੀ ਸਭ ਤੋਂ ਉੱਚੀ ਮੂਰਤੀ ਹੈ। ...ਅਜ਼ਾਦੀ ਦੇ 75 ਸਾਲਾਂ ਬਾਅਦ ਡਾ. ਅੰਬੇਡਕਰ ਵਲੋਂ ਕੀਤੇ ਗਏ ਕੰਮਾਂ ਨੂੰ ਲੋਕ ਸਮਝ ਰਹੇ ਹਨ ਅਤੇ ਇਸ ਲਈ ਉਨ੍ਹਾਂ ਦੀ ਪ੍ਰਸਿੱਧੀ ਦਿਨੋ-ਦਿਨ ਵਧ ਰਹੀ ਹੈ... ਲੋਕ ਹੁਣ ਉਨ੍ਹਾਂ ਨੂੰ ਸਹੀ ਤਰ੍ਹਾਂ ਸਮਝਣ ਲੱਗ ਪਏ ਹਨ।’’

ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਭਾਰਤ ਤੋਂ ਆਏ ਨਾਰਾ ਨੇ ਕਿਹਾ, ‘‘ਪਹਿਲਾਂ ਉਨ੍ਹਾਂ ਨੂੰ ਦਲਿਤ ਨੇਤਾ ਮੰਨਿਆ ਜਾਂਦਾ ਸੀ, ਪਰ ਹੁਣ ਪੂਰਾ ਦੇਸ਼ ਔਰਤਾਂ ਦੇ ਮਜ਼ਬੂਤੀਕਰਨ ਅਤੇ ਸਮਾਜ ਦੇ ਹਾਸ਼ੀਏ ’ਤੇ ਪਏ ਵਰਗਾਂ ਦੇ ਨਾਲ-ਨਾਲ ਆਰਥਕ ਤੌਰ ’ਤੇ ਕਮਜ਼ੋਰ ਲੋਕਾਂ ਲਈ ਉਨ੍ਹਾਂ ਵਲੋਂ ਦਿਤੇ ਯੋਗਦਾਨ ਨੂੰ ਵੀ ਮਾਨਤਾ ਦਿਤੀ ਜਾ ਰਹੀ ਹੈ।’’ ਅੰਬੇਡਕਰ ਨੇ 14 ਅਕਤੂਬਰ 1956 ਨੂੰ ਬੁੱਧ ਧਰਮ ਅਪਣਾਇਆ। ਕੁਝ ਮਹੀਨਿਆਂ ਬਾਅਦ 6 ਦਸੰਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਮੂਰਤੀ ਦਾ ਉਦਘਾਟਨ 14 ਅਕਤੂਬਰ ਨੂੰ ਮੈਰੀਲੈਂਡ ’ਚ ਕੀਤਾ ਗਿਆ ਸੀ, ਜਿਸ ਨੂੰ ਧੰਮ ਚੱਕਰ ਪ੍ਰਵਰਤਨ ਦਿਵਸ ਵਜੋਂ ਮਨਾਇਆ ਜਾਂਦਾ ਹੈ।