ਇੰਗਲੈਂਡ: ਧੋਖਾਧੜੀ ਸਣੇ 26 ਮਾਮਲਿਆਂ ’ਚ 53 ਸਾਲਾ ਮਹਿਲਾ ਦੋਸ਼ੀ ਕਰਾਰ, ਚੋਰੀ ਕੀਤੇ ਸਾਮਾਨ ਬਦਲੇ ਲਿਆ ਕਰੋੜਾਂ ਦਾ ਰੀਫੰਡ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਸਾਲਾਂ ਤੱਕ ਕੋਈ ਵੀ ਦੁਕਾਨਦਾਰ ਉਸ ਨੂੰ ਫੜ ਨਹੀਂ ਸਕਿਆ। 

Narinder Kaur

 

ਇੰਗਲੈਂਡ - ਇੰਗਲੈਂਡ ਵਿਚ ਇਕ 53 ਸਾਲਾ ਮਹਿਲਾ ਨੂੰ  ਧੋਖਾਧੜੀ ਸਣੇ 26 ਮਾਮਲਿਆਂ ’ਚ  ਦੋਸ਼ੀ ਪਾਇਆ ਗਿਆ ਹੈ। ਇਸ ਮਹਿਲਾ ਨੂੰ ਠੱਗੀ ਮਾਰਨ ਲਈ ਕਿਸੇ ਸਾਥੀ ਦੀ ਵੀ ਲੋੜ ਨਹੀਂ ਸੀ। ਇਸ ਔਰਤ ਨੇ ਇਕੱਲੀ ਨੇ ਦੁਕਾਨਾਂ ਤੋਂ ਕਰੀਬ ਇੱਕ ਕਰੋੜ ਦਾ ਰਾਸ਼ਨ ਚੋਰੀ ਕੀਤਾ। ਅਜਿਹਾ ਕਰਨ ਵਿਚ ਉਸ ਨੂੰ ਚਾਰ ਸਾਲ ਲੱਗ ਗਏ। ਇਨ੍ਹਾਂ ਚਾਰ ਸਾਲਾਂ ਵਿਚ ਉਸ ਨੇ ਕਰੀਬ ਇੱਕ ਹਜ਼ਾਰ ਵਾਰ ਦੁਕਾਨਦਾਰਾਂ ਨੂੰ ਮੂਰਖ ਬਣਾ ਕੇ ਪੈਸੇ ਕਮਾਏ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਸਾਲਾਂ ਤੱਕ ਕੋਈ ਵੀ ਦੁਕਾਨਦਾਰ ਉਸ ਨੂੰ ਫੜ ਨਹੀਂ ਸਕਿਆ। 

ਮਹਿਲਾ ਦਾ ਨਾਮ ਨਰਿੰਦਰ ਕੌਰ ਹੈ ਤੇ ਨਰਿੰਦਰ ਦੇ ਕੇਸ ਦੀ ਸੁਣਵਾਈ ਅਦਾਲਤ ਵਿਚ ਚੱਲ ਰਹੀ ਹੈ। ਇਸ ਪੇਸ਼ੇਵਰ ਸ਼ਾਪਲਿਫਟਿੰਗ ਨੇ ਦੁਕਾਨਾਂ ਤੋਂ ਚੋਰੀ ਕਰਨ ਨੂੰ ਆਪਣਾ ਪੂਰਾ ਕਰੀਅਰ ਬਣਾ ਲਿਆ। ਉਸ ਦਾ ਚੋਰੀ ਕਰਨ ਦਾ ਅੰਦਾਜ਼ ਵੀ ਬਹੁਤ ਅਨੋਖਾ ਸੀ। ਉਹ ਨਾ ਤਾਂ ਸਾਮਾਨ ਚੋਰੀ ਕਰ ਕੇ ਬਾਹਰ ਆਉਂਦੀ ਸੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਜ਼ਬਰਦਸਤੀ ਕਰਦੀ ਸੀ। ਨਰਿੰਦਰ ਖਾਲੀ ਹੱਥ ਹੀ ਦੁਕਾਨਾਂ ਵਿਚ ਵੜਦੀ ਸੀ। ਇਸ ਤੋਂ ਬਾਅਦ ਸ਼ੈਲਫ 'ਤੇ ਰੱਖੇ ਸਾਮਾਨ ਨੂੰ ਚੁੱਕ ਕੇ ਦੁਕਾਨਦਾਰ ਤੋਂ ਪੈਸੇ ਰਿਫੰਡ ਕਰਨ ਦੀ ਮੰਗ ਕਰਦੀ ਸੀ।

ਅਦਾਲਤ ਵਿਚ ਦੱਸਿਆ ਗਿਆ ਕਿ ਇਸ ਔਰਤ ਨੇ ਚੋਰੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
53 ਸਾਲਾ ਨਰਿੰਦਰ ਨੂੰ ਨੀਨਾ ਟੀਅਰਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸ ਨੇ ਯੂਕੇ ਦੀਆਂ ਕਈ ਦੁਕਾਨਾਂ ਤੋਂ ਚਾਰ ਸਾਲਾਂ ਵਿਚ ਕਰੀਬ ਇੱਕ ਕਰੋੜ ਰੁਪਏ ਦਾ ਰਿਫੰਡ ਲਿਆ। ਹੁਣ ਨਰਿੰਦਰ ਜੇਲ੍ਹ ਵਿਚ ਹੈ। ਅਦਾਲਤ ਵਿਚ ਨਰਿੰਦਰ ਖ਼ਿਲਾਫ਼ ਕੇਸ ਲੜ ਰਹੇ ਸੀਨੀਅਰ ਕਰਾਊਨ ਪ੍ਰੌਸੀਕਿਊਟਰ ਜਿਓਵਨੀ ਅਲੇਸੈਂਡਰੋ ਨੇ ਦੱਸਿਆ ਕਿ ਨਰਿੰਦਰ ਨੇ ਚੋਰੀ ਨੂੰ ਆਪਣਾ ਕਰੀਅਰ ਬਣਾ ਲਿਆ ਸੀ। ਉਸ ਨੇ ਲਗਾਤਾਰ ਚਾਰ ਸਾਲ ਇਸ ਵਿਚਾਰ ਨਾਲ ਇਕ ਕਰੋੜ ਰੁਪਏ ਦਾ ਸਾਮਾਨ ਚੋਰੀ ਕੀਤਾ ਅਤੇ ਇਸ ਦਾ ਰਿਫੰਡ ਹਾਸਲ ਕੀਤਾ। ਸ਼ੁਰੂ ਵਿਚ ਛੋਟੀਆਂ ਵਸਤੂਆਂ ਦਾ ਰਿਫੰਡ ਲੈ ਕੇ ਜਦੋਂ ਉਸ ਦਾ ਭਰੋਸਾ ਵਧ ਗਿਆ ਤਾਂ ਉਸ ਨੇ ਵੱਡੇ ਅਤੇ ਮਹਿੰਗੇ ਉਤਪਾਦ ਚੁੱਕਣੇ ਸ਼ੁਰੂ ਕਰ ਦਿੱਤੇ। 
ਨਰਿੰਦਰ ਨੇ ਆਪਣਾ ਨਾਂ ਬਦਲ ਲਿਆ ਸੀ। ਇਸ ਦੇ ਨਾਲ ਹੀ ਉਸ ਨੇ ਕਈ ਨਵੇਂ ਬੈਂਕ ਖਾਤੇ ਖੋਲ੍ਹੇ ਅਤੇ ਕਈ ਕ੍ਰੈਡਿਟ ਕਾਰਡ ਵੀ ਜਾਰੀ ਕੀਤੇ। ਉਸ ਨੂੰ ਅਦਾਲਤ ਨੇ 10 ਮਾਰਚ ਨੂੰ ਅਪਰਾਧੀ ਐਲਾਨ ਦਿੱਤਾ ਸੀ। ਹੁਣ ਉਹ ਜੇਲ੍ਹ ਵਿਚ ਹੈ ਅਤੇ ਆਪਣੀ ਸਜ਼ਾ ਦੀ ਉਡੀਕ ਕਰ ਰਹੀ ਹੈ। ਸਭ ਤੋਂ ਵੱਧ ਉਸ ਨੇ ਜੁੱਤੀਆਂ ਦੀ ਦੁਕਾਨ ਤੋਂ ਚੋਰੀ ਕੀਤੀ। ਉਹ ਸਸਤੇ ਜੁੱਤੇ ਖਰੀਦਦੀ ਸੀ ਅਤੇ ਇਸ ਤੋਂ ਬਾਅਦ ਉਹ ਮਹਿੰਗੇ ਜੁੱਤੇ ਚੁੱਕ ਕੇ ਉਨ੍ਹਾਂ ਦਾ ਰਿਫੰਡ ਲੈ ਲੈਂਦੀ ਸੀ। ਉਸ ਨੇ ਦੁਕਾਨਾਂ 'ਚ ਅਜਿਹਾ ਕੀਤਾ ਅਤੇ ਚਾਰ ਸਾਲਾਂ 'ਚ ਇਕ ਕਰੋੜ ਦੀ ਠੱਗੀ ਮਾਰੀ। ਪੁਲਸ ਨੂੰ ਉਸ ਦੇ ਘਰੋਂ ਕਾਫੀ ਨਕਦੀ ਦੇ ਨਾਲ-ਨਾਲ ਕੁਝ ਚੋਰੀ ਦਾ ਸਾਮਾਨ ਵੀ ਮਿਲਿਆ ਹੈ। ਪੁਲਿਸ ਨੇ ਉਨ੍ਹਾਂ ਨੂੰ ਸਬੂਤ ਵਜੋਂ ਅਦਾਲਤ ਵਿਚ ਪੇਸ਼ ਕੀਤਾ।