ਦੁਬਈ ’ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਗਈ ਜਾਨ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪਰਿਵਾਰ ਨੇ SP ਓਬਰਾਏ ਨੂੰ ਕੀਤੀ ਇਹ ਅਪੀਲ

photo

 

ਅੰਮ੍ਰਿਤਸਰ :  ਰੋਜ਼ੀ ਰੋਟੀ ਲਈ ਦੁਬਈ ਗਏ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਇਕ ਟਰੱਕ ਡਰਾਈਵਰ ਸੀ ਤੇ ਉਸਦੀ ਐਕਸੀਂਡੈਂਟ ਵਿਚ ਮੌਤ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸਿਮਰਨਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਜੋਂ ਹੋਈ ਹੈ।

 

 

ਮ੍ਰਿਤਕ ਨੌਜਵਾਨ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਉਦੋਵਾਲੀ ਕਲਾਂ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਭਰਾ ਤਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ  ਕਿ ਮੇਰਾ ਭਰਾ ਸਿਮਰਨਜੀਤ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਵਿਖੇ ਡਰਾਈਵਰੀ ਕਰਦਾ ਸੀ। ਉਹ ਤਿੰਨ ਸਾਲ ਪਹਿਲਾਂ ਛੁੱਟੀ ਕੱਟ ਕੇ ਵਾਪਸ ਆਪਣੀ ਡਿਊਟੀ ’ਤੇ ਚਲਾ ਗਿਆ ਸੀ।

 

 

ਅੱਜ ਤੜਕਸਾਰ ਉਹ ਆਪਣੀ ਗੱਡੀ ਵਿੱਚ ਮਾਲ ਲੋਡ ਕਰਕੇ ਜਾ ਰਿਹਾ ਸੀ ਕਿ ਅਚਾਨਕ ਦੁਬਈ ਦੇ ਸ਼ਹਿਰ ਸਾਰਜੇ ਲਾਗੇ ਉਸਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਉਹ ਖੜ੍ਹੇ ਟਰੱਕ ਵਿੱਚ ਜਾ ਵੱਜੀ। ਇਸ ਹਾਦਸੇ ’ਚ ਸਿਮਰਨ ਦੀ ਮੌਕੇ ’ਤੇ ਮੌਤ ਹੋ ਗਈ।  ਪੁੱਤ ਦੀ ਮੌਤ ਦਾ ਖਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਇਸ ਮੌਕੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦੁਬਈ ਦੇ ਕਾਰੋਬਾਰੀ ਐੱਸ.ਪੀ.ਸਿੰਘ. ਓਬਰਾਏ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਲਾਸ਼ ਵਤਨ ਵਾਪਸ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।