ਸੱਤਾਧਾਰੀ ਲੇਬਰ ਪਾਰਟੀ ਵਲੋਂ ਆਮ ਚੋਣਾਂ ਲਈ ਪਹਿਲੀ ਵਾਰ ਸਿੱਖ ਉਮੀਦਵਾਰ ਖੜਗ ਸਿੰਘ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਲੇਬਰ ਪਾਰਟੀ ਦਾ ਉਮੀਦਵਾਰ ਨਿਯੁਕਤ ਹੋਣ ’ਤੇ ਮੈਂ ਮਾਣ ਮਹਿਸੂਸ ਕਰਦਾ ਹਾਂ : ਖੜਗ ਸਿੰਘ

Kharag Singh

 

ਆਕਲੈਂਡ : ਪਿਛਲੇ 6 ਸਾਲਾਂ ਤੋਂ ਨਿਊਜ਼ੀਲੈਂਡ ਦੀ ਵਾਗਡੋਰ ਸੰਭਾਲ ਰਹੀ ਲੇਬਰ ਪਾਰਟੀ ਨੇ ਇਸੇ ਸਾਲ ਅਕਤੂਬਰ ਵਿਚ ਹੋਣ ਵਾਲੀਆਂ ਆਮ ਚੋਣਾਂ ਲਈ ਅਪਣੇ ਉਮੀਦਵਾਰ ਚੁਣਨੇ ਸ਼ੁਰੂ ਕਰ ਦਿਤੇ ਹਨ। ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖ਼ੁਸ਼ੀ ਹੋਏਗੀ ਕਿ ਲੇਬਰ ਪਾਰਟੀ ਵਲੋਂ ਪਹਿਲੀ ਵਾਰ ਇਕ ਦਸਤਾਰਧਾਰੀ ਸਿੱਖ ਸ. ਖੜਗ ਸਿੰਘ ਨੂੰ ਇਕ ਬਹੁਤ ਹੀ ਅਹਿਮ ਚੋਣ ਹਲਕੇ ‘ਬੌਟਨੀ’ ਤੋਂ ਅਪਣਾ ਸੰਸਦੀ ਉਮੀਦਵਾਰ ਐਲਾਨਿਆ ਹੈ।

ਇਥੇ ਲੇਬਰ ਪਾਰਟੀ ਦਾ ਅਪਣੀ ਵਿਰੋਧੀ ਪਾਰਟੀ ਨਾਲ ਸਖਤ ਮੁਕਾਬਲਾ ਹੋਣ ਦਾ ਆਸਾਰ ਹੈ। ਲੇਬਰ ਪਾਰਟੀ ਵਲੋਂ ਅੱਜ ਬਕਾਇਦਾ ਇਸ ਦੀ ਸੂਚਨਾ ਪ੍ਰੈਸ ਨੋਟ ਰਾਹੀਂ ਜਾਰੀ ਕੀਤੀ ਗਈ। ਸ. ਖੜਗ ਸਿੰਘ ਪਹਿਲਾਂ ਇਸੇ ਹਲਕੇ ਤੋਂ ਅਤੇ ਨਾਲ ਲਗਦੇ ਇਲਾਕੇ ਮੈਨੁਰੇਵਾ ਤੋਂ ਲੋਕਲ ਬੋਰਡ ਦੀਆਂ ਕੌਂਸਲ ਚੋਣਾਂ ਵਿਚ ਵੀ ਕਿਸਮਤ ਅਜ਼ਮਾਈ ਕਰ ਚੁੱਕੇ ਹਨ। ਜੀਵਨ ਵੇਰਵਾ ਸ. ਖੜਗ ਸਿੰਘ: ਜ਼ਿੰਦਗੀ ਦੇ ਸੁਪਨੇ ਨੂੰ ਪੂਰਾ ਕਰਨ ਅਤੇ ਇਕ ਬਿਹਤਰ ਜੀਵਨ ਜੀਉਣ ਦੀ ਤਮੰਨਾ ਰਖਦਿਆਂ ਉਹ ਭਾਰਤ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਉਪਰੰਤ 1987 ’ਚ ਨਿਊਜ਼ੀਲੈਂਡ ਆਏ।

ਉਨ੍ਹਾਂ ਕਈ ਸਾਲ ਔਕਲੈਂਡ ’ਚ ਕਰੜੀ ਮਿਹਨਤ ਅਤੇ ਨੌਕਰੀ ਕਰਨ ਉਪਰੰਤ ਅਪਣਾ ਜੀਵਨ ਨਿਰਬਾਹ ਵਧੀਆ ਸ਼ੁਰੂ ਕਰ ਲਿਆ ਅਤੇ ਫਿਰ ਉਨ੍ਹਾਂ 1995 ਵਿਚ ਇਕ ਕਾਰੋਬਾਰੀ ਦੇ ਰੂਪ ਵਿਚ ਅਪਣੀ ਪਹਿਲੀ ਸੁਪਰਮਾਰਕੀਟ ਖ਼ਰੀਦ ਲਈ। ਇਸ ਕਾਰੋਬਾਰ ਨੂੰ ਹੁਣ 27 ਸਾਲ ਹੋ ਗਏ ਹਨ ਅਤੇ ਉਹ ਮੈਨੁਕਾਊ ਹਾਈਟਸ ਵਿਖੇ ‘ਐਵਰਗਲੇਡ 4-ਸੁਕੇਅਰ’ ਦੇ ਮਾਲਕ ਹਨ। ਸਮਾਜਕ ਕੰਮਾਂ ਵਿਚ ਉਨ੍ਹਾਂ ਦੀ ਜਿਥੇ ਭਾਗੀਦਾਰੀ ਰਹਿਦੀ ਹੈ, ਉਥੇ ਉਹ ‘ਜਸਟਿਸ ਆਫ਼ ਪੀਸ’ ਵੀ ਹਨ। ਪਾਪਾਟੋਏਟੋਏ ਰੋਟਰੀ ਕਲੱਬ ਦੇ ਉਹ ਸਰਗਰਮ ਮੈਂਬਰ, ਲਾਈਫ਼ ਵਿਜ਼ਨ ਸੁਸਾਇਟੀ ਦੇ ਸਾਬਕਾ ਪ੍ਰਧਾਨ ਅਤੇ ਇੰਡੀਅਨ
ਨਿਊਜ਼ੀਲੈਂਡ ਬਿਜ਼ਨਸ ਕੌਂਸਲ ਦੇ ਮੈਂਬਰ ਰਹੇ ਹਨ।

ਸ. ਖੜਗ ਸਿੰਘ ਨੇ ਲੇਬਰ ਪਾਰਟੀ ਦਾ ਧਨਵਾਦ ਕਰਦਿਆਂ ਕਿਹਾ ਕਿ ਕਿਸੇ ਦਸਤਾਰਧਾਰੀ ਨੂੰ ਟਿਕਟ ਦੇ ਕੇ ਸੱਤਾਧਾਰੀ ਲੇਬਰ ਪਾਰਟੀ ਨੇ ਸਮੁੱਚੇ ਭਾਰਤੀਆਂ ਖ਼ਾਸ ਕਰ ਸਿੱਖਾਂ ਦਾ ਮਾਣ ਵਧਾਇਆ ਹੈ। ਬੋਟਨੀ ਹਲਕੇ ਦੇ ਵੋਟਰਾਂ ਲਈ ਲੇਬਰ ਦਾ ਉਮੀਦਵਾਰ ਨਿਯੁਕਤ ਹੁਣ ’ਤੇ ਮੈਂ ਮਾਣ ਮਹਿਸੂਸ ਕਰਦਾ ਹਾਂ। ਮੈਂ ਬੌਟਨੀ ਇਲਾਕੇ ਨੂੰ ਖੇਤਾਂ ਦੀ ਜ਼ਮੀਨ ਦੇ ਰੂਪ ਵਿਚ ਵੇਖਣ ਤੋਂ ਲੈ ਕੇ ਇਕ ਮਹੱਤਵਪੂਰਨ ਉਪਨਗਰ ਬਣਦਿਆਂ ਤੇ ਵਿਕਸਿਤ ਹੁੰਦੇ ਦੇਖਿਆ ਹੈ।

ਬੋਟਨੀ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਇਕ ਸਨਮਾਨ ਹੈ। ਮੈਂ ਇਹ ਯਕੀਨੀ ਬਣਾਉਣਾ ਚਾਹਾਂਗਾ ਕਿ ਭਾਈਚਾਰੇ ਦਾ ਹਰ ਮੈਂਬਰ ਖ਼ੁਸ਼ਹਾਲ ਹੋਵੇ। ਮੈਨੂੰ ਸਰਕਾਰ ਵਿਚ ਬੋਟਨੀ ਦੀ ਨੁਮਾਇੰਦਗੀ ਕਰਨ ਵਿਚ ਮਾਣ ਹੋਵੇਗਾ ਅਤੇ ਸਾਡੇ ਭਾਈਚਾਰੇ ਲਈ ਇਕ ਮਜ਼ਬੂਤ ਆਵਾਜ਼ ਬਣਾਂਗਾ।