ਕੈਨੇਡਾ: ਨਵੇਂ ਵਿਵਾਦ 'ਚ ਘਿਰੇ ਸਾਬਕਾ MP ਰਾਜ ਗਰੇਵਾਲ, ਇਮੀਗ੍ਰੇਸ਼ਨ ਫਾਈਲਾਂ 'ਤੇ ਕੰਮ ਕਰਵਾਉਣ ਬਦਲੇ ਲਏ ਪੈਸੇ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਗਰੇਵਾਲ ਨੇ ਕਿਸੇ ਵੀ ਅਪਰਾਧਿਕ ਗ਼ਲਤ ਕੰਮ ਤੋਂ ਇਨਕਾਰ ਕੀਤਾ ਹੈ।

Former MP Raj Grewal

 

ਟੋਰਾਂਟੋ : ਵਿਵਾਦਾਂ ਵਿਚ ਘਿਰੇ ਕੈਨੇਡਾ ਦੇ ਸਾਬਕਾ ਲਿਬਰਲ ਸੰਸਦ ਮੈਂਬਰ ਰਾਜ ਗਰੇਵਾਲ ਹੁਣ ਇਕ ਹੋਰ ਵਿਵਾਦ ਵਿਚ ਘਿਰ ਗਏ ਹਨ ਉਹਨਾਂ 'ਤੇ ਨਵੇਂ ਦੋਸ਼ ਲੱਗੇ ਹਨ। ਦਰਅਸਲ ਕੈਨੇਡੀਅਨ ਅਦਾਲਤ ਵਿਚ ਚੱਲ ਰਹੀ ਸੁਣਵਾਈ ਦੌਰਾਨ ਸਾਹਮਣੇ ਆਏ ਬਿਆਨਾਂ ਮੁਤਾਬਕ 36 ਸਾਲਾ ਗਰੇਵਾਲ ਨੇ ਪੀ.ਐੱਮ. ਜਸਟਿਨ ਟਰੂਡੋ ਦੀ 2018 ਦੀ ਭਾਰਤ ਯਾਤਰਾ ਦੌਰਾਨ ਲੋਕਾਂ ਨੂੰ ਪਾਰਟੀਆਂ ਵਿਚ ਬੁਲਾਉਣ ਅਤੇ ਉਹਨਾਂ ਦੀ ਇਮੀਗ੍ਰੇਸ਼ਨ ਫਾਈਲਾਂ 'ਤੇ ਕੰਮ ਕਰਾਉਣ ਲਈ ਪੈਸੇ ਲਏ, ਜੋ ਕਿ ਕੈਨੇਡਾ ਵਿਚ ਇਕ ਗੰਭੀਰ ਅਪਰਾਧ ਹੈ। 

ਸੋਮਵਾਰ ਨੂੰ ਅਦਾਲਤ ਵਿਚ ਉਸ ਸਮੇਂ ਦੀ ਸੰਪਰਕ ਅਫ਼ਸਰ ਵੰਦਨਾ ਕਟਾਰ ਮਿੱਲਰ ਨੇ ਕਿਹਾ ਕਿ ਉਸ ਸਮੇਂ ਦਿੱਲੀ ਅਤੇ ਮੁੰਬਈ ਵਿਚ ਦੋ ਵੱਡੀਆਂ ਪਾਰਟੀਆਂ ਆਯੋਜਿਤ ਕੀਤੀਆਂ ਗਈਆਂ ਸਨ ਅਤੇ ਰਾਜ ਗਰੇਵਾਲ ਵੱਲੋਂ ਕਰੀਬ 100 ਮਹਿਮਾਨਾਂ ਦੀ ਸੂਚੀ ਭੇਜੀ ਗਈ ਸੀ, ਜਿਸ ਨੂੰ ਬਾਅਦ ਵਿਚ ਬਹੁਤ ਛੋਟਾ ਕਰ ਦਿੱਤਾ ਸੀ। ਇਨ੍ਹਾਂ ਹੀ ਨਹੀਂ ਗਰੇਵਾਲ 'ਤੇ ਇਸ ਸਮੇਂ ਆਪਣੇ ਦੋਸਤਾਂ ਅਤੇ ਕੁਝ ਹੋਰ ਲੋਕਾਂ ਤੋਂ ਲੱਖਾਂ ਡਾਲਰ ਲੈ ਕੇ ਜੂਏ ਵਿਚ ਹਾਰਨ, ਧੋਖਾਧੜੀ ਦੇ ਕੇਸ ਚੱਲ ਰਹੇ ਹਨ। ਉਹਨਾਂ 'ਤੇ ਕਰੀਬ 12 ਲੱਖ ਡਾਲਰ (6 ਕਰੋੜ ਰੁਪਏ) ਦਾ ਕਰਜ਼ ਹੈ, ਜਿਸ ਦਾ ਭੁਗਤਾਨ ਨਾ ਕਰ ਸਕਣ ਕਰ ਕੇ ਉਹ ਕਈ ਲੋਕਾਂ ਨਾਲ ਲੜਾਈ ਵੀ ਕਰ ਚੁੱਕੇ ਹਨ। ਉਹਨਾਂ 'ਤੇ ਦੋਸ਼ ਹੈ ਕਿ ਉਹਨਾਂ ਨੇ ਆਪਣੇ ਦਫ਼ਤਰ ਅਤੇ ਸਾਂਸਦ ਅਹੁਦੇ ਦੀ ਵਰਤੋਂ ਕਰਦਿਆਂ ਲੋਕਾਂ ਤੋਂ ਕਰਜ਼ੇ ਲਏ ਅਤੇ ਸਮੇਂ 'ਤੇ ਭੁਗਤਾਨ ਵੀ ਨਹੀਂ ਕੀਤਾ।

ਇਨ੍ਹਾਂ ਦੋਸ਼ਾਂ ਵਿਚ ਇਕ ਇਹ ਦੋਸ਼ ਵੀ ਸ਼ਾਮਲ ਹੈ ਕਿ ਗਰੇਵਾਲ ਨੇ ਆਪਣੇ ਸਿਆਸੀ ਦਫ਼ਤਰ ਦੀ ਵਰਤੋਂ ਕਰਦਿਆਂ ਕਰਜ਼ਾ ਲੈਣ ਲਈ ਝੂਠ ਬੋਲਿਆ ਅਤੇ ਆਪਣੇ ਦਫ਼ਤਰ ਦੀ ਵਰਤੋਂ ਨਿੱਜੀ ਲਾਭ ਲਈ ਕਰਜ਼ੇ ਲੈਣ ਲਈ ਕੀਤੀ। ਉੱਧਰ ਗਰੇਵਾਲ ਨੇ ਕਿਸੇ ਵੀ ਅਪਰਾਧਿਕ ਗ਼ਲਤ ਕੰਮ ਤੋਂ ਇਨਕਾਰ ਕੀਤਾ ਹੈ। 2018 ਵਿਚ ਗਰੇਵਾਲ ਨੇ ਕਿਹਾ ਕਿ ਉਸ ਨੇ ਜੂਏ ਦੀ ਲੱਤ ਛੱਡਣ ਲਈ ਸਿਰਫ਼ ਦੋਸਤਾਂ ਅਤੇ ਪਰਿਵਾਰ ਤੋਂ ਕਰਜ਼ਾ ਲਿਆ ਸੀ ਅਤੇ ਇਹ ਸਭ ਵਾਪਸ ਕਰ ਦਿੱਤਾ ਸੀ। ਕਰਾਊਨ ਦਾ ਇਲਜ਼ਾਮ ਹੈ ਕਿ ਗਰੇਵਾਲ ਨੇ ਭਾਰਤ ਯਾਤਰਾ ਤੱਕ ਪਹੁੰਚ ਪ੍ਰਾਪਤ ਕਰਨ ਦੇ ਬਦਲੇ ਜਾਂ ਇਮੀਗ੍ਰੇਸ਼ਨ ਫਾਈਲਾਂ 'ਤੇ ਕੰਮ ਕਰਨ ਲਈ ਲੋਕਾਂ ਤੋਂ ਲੋਨ ਮੰਗਿਆ ਸੀ।