ਅਮਰੀਕਾ 'ਚ ਵੀ ਪੰਜਾਬੀ ਬੋਲੀ ਨੂੰ ਮਿਲਿਆ ਸਰਕਾਰੀ ਮਾਣ, ਪੰਜਾਬੀ 'ਚ ਲਿਖੇ 'ਬਾਕਸ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮਾਣ ਸਤਿਕਾਰ ਮਿਲਣ ਦੀਆਂ ਖ਼ਬਰਾਂ ਨੇ ਦੁਨੀਆਂ ਭਰ 'ਚ ਵਸਦੇ ਪੰਜਾਬੀਆਂ ਲਈ ਖ਼ੁਸ਼ੀ ਦਾ ਮੌਕਾ ਲਿਆਂਦਾ

Punjabi Language

ਕੋਟਕਪੂਰਾ  (ਗੁਰਿੰਦਰ ਸਿੰਘ) : ਇਕ ਪਾਸੇ ਪੰਜਾਬ ਵਿਚ ਕੁੱਝ ਵਿਦਿਅਕ ਅਦਾਰਿਆਂ ਵਲੋਂ ਮਾਂ ਬੋਲੀ ਪੰਜਾਬੀ ਬੋਲਣ 'ਤੇ ਜੁਰਮਾਨੇ ਕਰਨ ਅਤੇ ਜੰਮੂ-ਕਸ਼ਮੀਰ ਵਿਖੇ ਪੰਜਾਬੀ ਦੇ ਖ਼ਾਤਮੇ ਦੇ ਵਿਵਾਦ ਦੀਆਂ ਖ਼ਬਰਾਂ ਪਰ ਦੂਜੇ ਪਾਸੇ ਸੱਤ ਸਮੁੰਦਰੋਂ ਪਾਰ ਅਮਰੀਕਾ 'ਚ ਪੰਜਾਬੀ ਬੋਲੀ ਨੂੰ ਸਰਕਾਰੀ ਤੌਰ 'ਤੇ ਮਾਣ ਸਤਿਕਾਰ ਮਿਲਣ ਦੀਆਂ ਖ਼ਬਰਾਂ ਨੇ ਦੁਨੀਆਂ ਭਰ 'ਚ ਵਸਦੇ ਪੰਜਾਬੀਆਂ ਲਈ ਖ਼ੁਸ਼ੀ ਦਾ ਮੌਕਾ ਲਿਆਂਦਾ ਹੈ। ਭਾਵੇਂ ਇੰਗਲੈਂਡ-ਕੈਨੇਡਾ 'ਚ ਤਾਂ ਪੰਜਾਬੀ ਬੋਲੀ ਨੂੰ ਮਿਲਦੇ ਮਾਣ-ਤਾਣ ਦੀਆਂ ਖ਼ਬਰਾਂ ਪੜ੍ਹਨ-ਸੁਣਨ ਨੂੰ ਅਕਸਰ ਮਿਲਦੀਆਂ ਹੀ ਰਹਿੰਦੀਆਂ ਹਨ। ਪਰ ਹੁਣ ਅਮਰੀਕਾ 'ਚ ਵੀ ਇਸ ਬੋਲੀ ਨੂੰ ਮਾਣ-ਤਾਣ ਮਿਲਣ ਲੱਗਾ ਹੈ।

ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਆਉਂਦੇ ਤਿੰਨ ਨਵੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਦੀ ਚਲਦੀ ਪ੍ਰਕਿਰਿਆ ਅਨੁਸਾਰ ਵੋਟਰਾਂ ਵਲੋਂ ਡਾਊਨਲੋਡ ਕੀਤੇ ਜਾਂ ਡਾਕ ਰਾਹੀਂ ਪ੍ਰਾਪਤ ਹੋਏ ਬੈਲਟ ਪੇਪਰਾਂ 'ਤੇ ਨਿਸ਼ਾਨ ਲਾਉਣ ਬਾਅਦ ਇਨ੍ਹਾਂ ਨੂੰ ਇਕੱਠੇ ਕਰਨ ਲਈ ਵੱਖ-ਵੱਖ ਥਾਵਾਂ 'ਤੇ ਜੋ ਅਧਿਕਾਰਤ ਬਾਕਸ ਰੱਖੇ ਗਏ ਹਨ, ਉਨ੍ਹਾਂ 'ਤੇ ਪੰਜਾਬੀ ਬੋਲੀ 'ਚ ਵੀ ਜਾਣਕਾਰੀ ਲਿਖੀ ਗਈ ਹੈ। ਭਾਵੇਂ ਅਜਿਹਾ ਪੰਜਾਬੀਆਂ ਦੀ ਭਰਵੀਂ ਵੱਸੋਂ ਵਾਲੇ ਇਲਾਕਿਆਂ 'ਚ ਹੀ ਕੀਤਾ ਗਿਆ ਹੈ ਪਰ ਫਿਰ ਵੀ ਕੈਲੇਫ਼ੋਰਨੀਆ ਦੇ ਪ੍ਰਵਾਸੀ ਪੰਜਾਬੀਆਂ 'ਚ ਇਸ ਮਾਣਮੱਤੀ ਪ੍ਰਾਪਤੀ 'ਤੇ ਖ਼ੁਸ਼ੀ ਮਨਾਈ ਜਾ ਰਹੀ ਹੈ।

ਪ੍ਰਵਾਸੀ ਭਾਰਤੀਆਂ ਮੁਤਾਬਕ ਬੇਅ ਏਰੀਏ ਦੇ ਸਿੱਖ ਆਗੂ ਭਾਈ ਜਸਜੀਤ ਸਿੰਘ ਅਨੁਸਾਰ ਉਕਤ ਪ੍ਰਾਪਤੀ ਦਾ ਸਿਹਰਾ 'ਜੈਕਾਰਾ ਮੂਵਮੈਂਟ' ਸਿਰ ਬੱਝਦਾ ਹੈ ਜੋ ਕਿ ਅਮਰੀਕਾ 'ਚ ਹੀ ਜੰਮੇ-ਪਲੇ ਨੌਜਵਾਨ ਲੜਕੇ/ਲੜਕੀਆਂ ਦੀ ਸੰਸਥਾ ਹੈ ਜੋ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਦੇ ਨਾਲ-ਨਾਲ ਪੰਜਾਬੀ ਬੋਲੀ ਵਾਸਤੇ ਵੀ ਸ਼ਲਾਘਾਯੋਗ ਉਪਰਾਲੇ ਕਰਦੀ ਆ ਰਹੀ ਹੈ। ਯਾਦ ਰਹੇ ਕੈਲੇਫ਼ੋਰਨੀਆ ਪ੍ਰਾਂਤ ਦੇ ਮੋਟਰਵਹੀਕਲ (ਟ੍ਰਾਂਸਪੋਰਟ) ਵਿਭਾਗ ਨੇ ਡਰਾਈਵਰ ਲਾਈਸੈਂਸ ਬਣਾਉਣ ਵਾਸਤੇ ਲਈ ਜਾਂਦੀ ਲਿਖਤੀ ਪ੍ਰੀਖਿਆ ਪੰਜਾਬੀ 'ਚ ਪਹਿਲੋਂ ਹੀ ਪ੍ਰਵਾਨ ਕੀਤੀ ਹੋਈ ਹੈ।