ਹਰੀਕੇ ਜਲਗਾਹ ’ਚ ਕੁਲ 100 ਪ੍ਰਜਾਤੀਆਂ ਦੇ 50,000 ਪ੍ਰਵਾਸੀ ਪੰਛੀਆਂ ਦੀ ਆਮਦ
ਵਿਭਾਗ ਵਲੋਂ ਝੀਲ ਕਿਨਾਰੇ ਦਿਨ-ਰਾਤ ਦੀ ਗਸ਼ਤ ਵਧਾਈ ਗਈ : ਰੇਜ ਅਫ਼ਸਰ
ਪੱਟੀ/ਹਰੀਕੇ ਪੱਤਣ (ਅਜੀਤ ਸਿੰਘ ਘਰਿਆਲਾ/ਗਗਨਦੀਪ ਸਿੰਘ) : ਹਰੀਕੇ ਝੀਲ ਜਿਸ ਨੂੰ ਹਰੀਕੇ ਪੱਤਣ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ। ਇਹ ਬਹੁਤ ਡੂੰਗੀ ਅਤੇ ਵੱਡੀ ਪਾਣੀ ਦੀ ਸਿਲ੍ਹੀ ਥਾਂ ਹੈ। ਇੱਥੇ ਸਤਲੁਜ ਅਤੇ ਬਿਆਸ ਦਰਿਆਵਾਂ ਦਾ ਸੰਗਮ ਹੁੰਦਾ ਹੈ। ਹਰੀਕੇ ਪੱਤਣ ਜਿੱਥੇ ਹਰ ਸਾਲ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰ ਕੇ ਪ੍ਰਵਾਸੀ ਪੰਛੀ ਸਰਦ ਰੁੱਤ ਵਿਚ ਮਹਿਮਾਨ ਬਣ ਆਉਂਦੇ ਹਨ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜ਼ਾਰਾਂ ਦੀ ਗਿਣਤੀ ਵਿਚ ਰੰਗ ਬਿਰੰਗੇ ਪੰਛੀ ਪਾਣੀ ਵਿਚ ਕਲੋਲਾਂ ਕਰਦੇ ਦੇਖੇ ਜਾ ਰਹੇ ਹਨ, ਜਿਸ ਨਾਲ ਝੀਲ ਦੀ ਸੁੰਦਰਤਾ ਹੋਰ ਸ਼ਾਨਦਾਰ ਨਜ਼ਰ ਆਉਂਦੀ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਸਰਦ ਰੁੱਤ ’ਚ ਦੇਰੀ ਕਾਰਨ ਪ੍ਰਵਾਸੀ ਪੰਛੀਆਂ ਦੀ ਆਮਦ ਵੀ ਦੇਰ ਨਾਲ ਹੋਈ ਹੈ। ਇਹ ਪੰਛੀ ਯੂਰਪ ਦੇਸ਼ਾਂ ’ਚ ਠੰਢ ਬਹੁਤ ਜ਼ਿਆਦਾ ਵਧਣ ਕਾਰਨ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰ ਕੇ ਹਰੀਕੇ ਪੱਤਣ ਪਹੁੰਚਦੇ ਹਨ। ਜਿਸ ਨਾਲ ਹਰੀਕੇ ਝੀਲ ’ਤੇ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਮੌਜੂਦਗੀ ਦਾ ਨਜ਼ਾਰਾ ਦੇਖਣ ਹਜ਼ਾਰਾਂ ਦੀ ਗਿਣਤੀ ਵਿਚ ਸੈਲਾਨੀ ਪਹੁੰਚਦੇ ਹਨ। ਇਸ ਵਾਰ ਮੌਸਮ ਬਦਲਦਿਆਂ ਹਰੀਕੇ ਜਲਗਾਹ ਵਿਚ ਕੁੱਲ 100 ਪ੍ਰਜਾਤੀਆਂ ਦੇ 50,000 ਪਰਵਾਸੀ ਪੰਛੀਆਂ ਦੀ ਆਮਦ ਹੋਈ ਹੈ।
ਵਿਭਾਗ ਦੇ ਰੇਜ ਅਫ਼ਸਰ ਕਮਲਜੀਤ ਸਿੰਘ ਨੇ ਜਾਣਕਾਰੀ ਦਿਤੀ ਕਿ ਇਸ ਸਮੇਂ ਹਜ਼ਾਰਾਂ ਪ੍ਰਵਾਸੀ ਪੰਛੀ ਹਰੀਕੇ ਝੀਲ ਵਿਚ ਆਏ ਹਨ, ਜਿਨ੍ਹਾਂ ਵਿਚ ਨਾਰਥਨ ਸਵਲਰ, ਕੋਮ ਪੇਚਾਰਡ, ਰੈੱਡ ਕਰੱਸਟਡ ਪੇਚਾਰਡ, ਟਫ਼ਟਫ਼ ਡੱਕ, ਗਡਵਾਲ, ਗ੍ਰੇਲੈਗ ਗੀਜ਼, ਬਾਰ ਹੈਡਿਡ ਗੀਜ਼, ਕੂਟ, ਲਿਟਲ ਗਰੈਥ ਅਤੇ ਮੋਲਾਰਡ ਅਦਿ ਪ੍ਰਮੁੱਖ ਹਨ। ਰੇਂਜ ਅਫ਼ਸਰ ਕਮਲਜੀਤ ਸਿੰਘ ਨੇ ਕਿਹਾ ਕਿ ਪੰਛੀਆਂ ਦੀ ਵਧਦੀ ਆਮਦ ਨੂੰ ਵੇਖਦਿਆਂ ਵਿਭਾਗ ਵਲੋਂ ਦਿਨ-ਰਾਤ ਦੀ ਗਸ਼ਤ ਝੀਲ ਕਿਨਾਰੇ ਵਧਾਈ ਗਈ ਹੈ।