ਖੇਡ ਪ੍ਰਮੋਟਰ ਸੰਦੀਪ ਜੱਸੜਾਂ ਦੀ ਨਿਊਜ਼ੀਲੈਂਡ 'ਚ ਸੜਕ ਹਾਦਸੇ ਦੌਰਾਨ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸ੍ਰੀ ਚਮਕੌਰ ਸਾਹਿਬ ਦੇ ਪਿੰਡ ਜੱਸੜਾਂ ਨਾਲ ਸੀ ਸਬੰਧਿਤ, ਇਕ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਪੰਜਾਬ ਤੋਂ ਗਿਆ ਸੀ ਨਿਊਜ਼ੀਲੈਂਡ

Sports promoter Sandeep Jassaran death in New Zealand

ਸ੍ਰੀ ਚਮਕੌਰ ਸਾਹਿਬ ਦੇ ਪਿੰਡ ਜੱਸੜਾਂ ਦੇ ਇਕ ਨੌਜਵਾਨ ਦੀ ਨਿਊਜ਼ੀਲੈਂਡ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 46 ਸਾਲਾ ਸੰਦੀਪ ਸਿੰਘ ਜੱਸੜਾਂ ਵਜੋਂ ਹੋਈ ਹੈ।  ਮਿਲੀ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਜੱਸੜਾਂ ਨਿਊਜ਼ੀਲੈਂਡ ਵਿੱਚ ਰੋਜ਼ਾਨਾ ਦੀ ਤਰ੍ਹਾਂ ਕੰਮ ’ਤੇ ਜਾ ਰਿਹਾ ਸੀ ਕਿ ਰਸਤੇ ਵਿੱਚ ਵਾਪਰੇ ਸੜਕ ਹਾਦਸੇ ਨੇ ਉਸ ਦੀ ਜਾਨ ਲੈ ਲਈ। ਜਿਵੇ ਹੀ ਸੰਦੀਪ ਸਿੰਘ ਜੱਸੜਾਂ ਦੀ ਮੌਤ ਦੀ ਖ਼ਬਰ ਪਿੰਡ ਜੱਸੜਾਂ ਅਤੇ ਚਮਕੌਰ ਸਾਹਿਬ ਪੁੱਜੀ ਤਾਂ ਇਲਾਕੇ ਵਿੱਚ ਮਾਹੌਲ ਗਮਗੀਨ ਹੋ ਗਿਆ।

ਸੰਦੀਪ ਸਿੰਘ ਸ੍ਰੀ ਚਮਕੌਰ ਸਾਹਿਬ ਅੰਦਰ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਲਗਾਤਾਰ ਕਬੱਡੀ ਕੱਪ ਕਰਵਾਉਂਦਾ ਸੀ, ਜਿਸ ਕਾਰਨ ਉਹ ਇਲਾਕੇ ਵਿਚ ਖੇਡ ਪ੍ਰਮੋਟਰ ਵਜੋਂ ਜਾਣਿਆ ਜਾਂਦਾ ਸੀ ਸੀ। ਇਸ ਦੁੱਖਦਾਈ ਖ਼ਬਰ ਕਾਰਨ ਇਲਾਕੇ ਅੰਦਰ ਸੋਗ ਦੀ ਲਹਿਰ ਹੈ।

ਦੱਸ ਦੇਈਏ ਕਿ ਸੰਦੀਪ ਸਿੰਘ ਦਾ ਆਪਣੇ ਪਿੰਡ ਅਤੇ ਦੋਸਤਾਂ ਨਾਲ ਬਹੁਤ ਗੂੜ੍ਹਾ ਰਿਸ਼ਤਾ ਸੀ। ਉਹ ਅਜੇ ਕੁਝ ਸਮਾਂ ਪਹਿਲਾਂ ਹੀ ਆਪਣੇ ਇੱਕ ਕਰੀਬੀ ਦੋਸਤ ਦੇ ਬੇਟੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪੰਜਾਬ ਆਇਆ ਸੀ।  ਖ਼ੁਸ਼ੀਆਂ ਭਰੇ ਪਲ ਬਿਤਾਉਣ ਤੋਂ ਬਾਅਦ ਉਹ 13 ਦਸੰਬਰ ਨੂੰ ਹੀ ਵਾਪਸ ਨਿਊਜ਼ੀਲੈਂਡ ਪਰਤਿਆ ਸੀ, ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਉਸ ਦੀ ਆਪਣੇ ਪਰਿਵਾਰ ਅਤੇ ਮਿੱਤਰਾਂ ਨਾਲ ਆਖਰੀ ਮੁਲਾਕਾਤ ਹੋਵੇਗੀ।

ਸੰਦੀਪ ਦੇ ਜਾਣ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਹ ਬਹੁਤ ਹੀ ਸ਼ਾਂਤ ਸੁਭਾਅ ਅਤੇ ਮਿਲਣਸਾਰ ਵਿਅਕਤੀ ਸੀ। ਇਸ ਖ਼ਬਰ ਨੇ ਨਾ ਸਿਰਫ਼ ਪਰਿਵਾਰ ਸਗੋਂ ਪੂਰੇ ਪੰਜਾਬੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।