ਗੋਆ ਦੇ ਮੁੱਖ ਮੰਤਰੀ ਮਨੋਹਰ ਪਰਿਕਰ ਦਾ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤੀ ਜਾਣਕਾਰੀ

Manohar Parrikar

ਪਣਜੀ :  ਗੋਆ ਦੇ ਮੁੱਖ ਮੰਤਰੀ ਮਨੋਹਰ ਪਰਿਕਰ (63) ਦਾ ਐਤਵਾਰ ਸ਼ਾਮ ਦੇਹਾਂਤ ਹੋ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਟਵੀਟ ਰਾਹੀਂ ਦਿੱਤੀ। ਪਰਿਕਰ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਸੀ। ਸੋਮਵਾਰ ਸਵੇਰੇ 11 ਵਜੇ ਕੇਂਦਰੀ ਕੈਬਨਿਟ ਉਨ੍ਹਾਂ ਨੂੰ ਸ਼ਰਧਾਂਜਲੀ ਦੇਵੇਗੀ।

ਪਰਿਕਰ ਲੰਮੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਸਨ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਪ੍ਰੇਸ਼ਾਨੀ ਜ਼ਿਆਦਾ ਵੱਧ ਗਈ ਸੀ। ਇਸ ਤੋਂ  ਬਾਅਦ ਉਨ੍ਹਾਂ ਨੂੰ ਗੋਆ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਦਫ਼ਤਰ ਨੇ ਟਵੀਟ ਕੀਤਾ ਸੀ ਕਿ ਪਰਿਕਰ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਡਾਕਟਰ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਜੁਟੇ ਹਨ।

ਪਰਿਕਰ ਦੇ ਦੇਹਾਂਤ ਮਗਰੋਂ ਰਾਜਨੀਤੀ, ਸਿਨੇਮਾ, ਖੇਡ ਅਤੇ ਕਲਾ ਜਗਤ ਨਾਲ ਜੁੜੀਆਂ ਹਸਤੀਆਂ ਨੇ ਡੂੰਘਾ ਦੁੱਖ ਜਤਾਇਆ ਹੈ। 

ਮਨੋਹਰ ਪਰਿਕਰ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀ ਕੈਬਿਨੇਟ ਵਿੱਚ ਭਾਰਤ ਦੇ ਰੱਖਿਆ ਮੰਤਰੀ ਵੀ ਰਹੇ ਹਨ। ਪਰਿਕਰ ਨੇ ਇਸ ਵਾਰ ਦੇ ਬਜਟ ਸੈਸ਼ਨ 'ਚ ਹਿੱਸਾ ਲਿਆ ਅਤੇ 30 ਜਨਵਰੀ ਨੂੰ ਬਜਟ ਪੇਸ਼ ਕੀਤਾ ਸੀ। ਇਸ ਦੇ ਅਗਲੇ ਦਿਨ ਉਹ ਇਲਾਜ ਲਈ ਦਿੱਲੀ ਏਮਜ਼ ਚਲੇ ਗਏ ਸਨ ਅਤੇ 5 ਫ਼ਰਵਰੀ ਨੂੰ ਗੋਵਾ ਵਾਪਸ ਚਲੇ ਗਏ ਸਨ।