ਕੈਨੇਡਾ 'ਚ ਸਿੱਖ ਵਿਦਿਆਰਥੀ ਗੁਰਕੀਰਤ ਸਿੰਘ ਦਾ ਕਤਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸਵਾ ਸਾਲ ਪਹਿਲਾਂ ਉੱਚ ਸਿੱਖਿਆ ਅਤੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਗਿਆ ਸੀ ਕੈਨੇਡਾ

Sikh student Gurkirat Singh murdered in Canada

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਉਜੈਨ (ਮੱਧ ਪ੍ਰਦੇਸ਼) ਦੇ ਰਹਿਣ ਵਾਲੇ ਇਕ ਭਾਰਤੀ ਵਿਦਿਆਰਥੀ, ਗੁਰਕੀਰਤ ਸਿੰਘ ਮਨੋਚਾ, ਦੀ ਇਕ ਹਿੰਸਕ ਘਟਨਾ ਦੌਰਾਨ ਮੌਤ ਹੋ ਗਈ ਹੈ। ਇਹ ਘਟਨਾ ਬ੍ਰਿਟਿਸ਼ ਕੋਲੰਬੀਆ ਦੇ ਫ਼ੋਰਟ ਸੇਂਟ ਜੌਨ ਇਲਾਕੇ ਵਿਚ ਵਾਪਰੀ।

ਪਰਿਵਾਰ ਅਨੁਸਾਰ ਇਹ ਦਰਦਨਾਕ ਘਟਨਾ 14 ਮਾਰਚ ਨੂੰ ਵਾਪਰੀ ਜਦੋਂ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਹਮਲਾਵਰਾਂ ਨੇ ਗੁਰਕੀਰਤ ’ਤੇ ਜਾਨਲੇਵਾ ਹਮਲਾ ਕਰ ਦਿਤਾ। ਗੁਰਕੀਰਤ ਦੇ ਪਿਤਾ ਗੁਰਜੀਤ ਸਿੰਘ ਨੇ ਦਸਿਆ ਕਿ ਕੈਨੇਡੀਅਨ ਪੁਲਿਸ ਨੇ ਮਾਮਲੇ ਦੀ ਪੂਰੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।

ਪਰਿਵਾਰ ਨੇ ਮੰਗ ਕੀਤੀ ਹੈ ਕਿ ਜਾਂਚ ਤੋਂ ਬਾਅਦ ਦੋਸ਼ੀਆਂ ਵਿਰੁਧ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਗੁਰਕੀਰਤ ਕਰੀਬ ਸਵਾ ਸਾਲ ਪਹਿਲਾਂ ਹੀ ਉੱਚ ਸਿੱਖਿਆ ਅਤੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਗਿਆ ਸੀ। ਉਹ ਉਥੋਂ ਦੇ ਨੌਰਦਰਨ ਲਾਈਟਸ ਕਾਲਜ ਵਿਚ ਬਿਜ਼ਨਸ ਮੈਨੇਜਮੈਂਟ ਦੇ ਪੋਸਟ-ਡਿਗਰੀ ਡਿਪਲੋਮਾ ਪ੍ਰੋਗਰਾਮ ਦੀ ਪੜ੍ਹਾਈ ਕਰ ਰਿਹਾ ਸੀ।

ਇਸ ਦੁਖਦ ਖ਼ਬਰ ਤੋਂ ਬਾਅਦ ਉਜੈਨ ਦੀ ਪਾਰਸ਼ਵਨਾਥ ਕਾਲੋਨੀ ਸਥਿਤ ਗੁਰਕੀਰਤ ਦੇ ਘਰ ਅਤੇ ਸਥਾਨਕ ਭਾਈਚਾਰੇ ਵਿਚ ਡੂੰਘੇ ਸੋਗ ਦੀ ਲਹਿਰ ਪਸਰ ਗਈ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਵੀ ਇਸ ਮਾਮਲੇ ਵਿਚ ਦਖਲ ਦਿੰਦਿਆਂ ਪੀੜਤ ਪਰਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਤਾ ਹੈ। ਪਰਵਾਰ ਹੁਣ ਕੈਨੇਡੀਅਨ ਪੁਲਿਸ ਦੀ ਜਾਂਚ ਤੋਂ ਇਨਸਾਫ਼ ਅਤੇ ਸਪੱਸ਼ਟਤਾ ਦੀ ਉਡੀਕ ਕਰ ਰਿਹਾ ਹੈ।