ਜਹਾਂਗੀਰਪੁਰੀ ਹਿੰਸਾ ਮਾਮਲੇ ਵਿਚ ਹੁਣ ਤੱਕ 14 ਦੋਸ਼ੀ ਗ੍ਰਿਫ਼ਤਾਰ
ਇਲਾਕੇ ਵਿੱਚ ਵੱਡੀ ਗਿਣਤੀ 'ਚ ਤੈਨਾਤ ਕੀਤੀ ਪੁਲਿਸ ਫੋਰਸ
ਨਵੀਂ ਦਿੱਲੀ : ਉੱਤਰੀ-ਪੱਛਮੀ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ 'ਚ ਸ਼ਨੀਵਾਰ ਨੂੰ ਹਨੂੰਮਾਨ ਜਯੰਤੀ 'ਤੇ ਕੱਢੇ ਗਏ ਜਲੂਸ ਮੌਕੇ ਹੋਏ ਪਥਰਾਅ ਤੋਂ ਬਾਅਦ ਭੜਕੀ ਹਿੰਸਾ ਦੇ ਮਾਮਲੇ 'ਚ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ਼ਨੀਵਾਰ ਸ਼ਾਮ ਨੂੰ ਦੋ ਭਾਈਚਾਰਿਆਂ ਦੇ ਲੋਕਾਂ ਵਿਚਾਲੇ ਪੱਥਰਬਾਜ਼ੀ ਹੋਈ ਅਤੇ ਕੁਝ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ। ਹਿੰਸਾ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਅਤੇ ਇੱਕ ਸਬ-ਇੰਸਪੈਕਟਰ ਨੂੰ ਗੋਲੀ ਲੱਗੀ ਹੈ।
ਡਿਪਟੀ ਕਮਿਸ਼ਨਰ (ਉੱਤਰ-ਪੱਛਮੀ) ਊਸ਼ਾ ਰੰਗਨਾਨੀ ਨੇ ਕਿਹਾ ਕਿ ਸ਼ਨੀਵਾਰ ਨੂੰ ਭਾਰਤੀ ਦੰਡ ਦੀ ਧਾਰਾ 307 (ਕਤਲ ਦੀ ਕੋਸ਼ਿਸ਼), 120ਬੀ (ਅਪਰਾਧਿਕ ਸਾਜ਼ਿਸ਼), 147 (ਦੰਗਾ ਕਰਨਾ) ਅਤੇ ਆਰਮਜ਼ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।
ਰੰਗਨਾਨੀ ਨੇ ਕਿਹਾ, ''ਐੱਫਆਈਆਰ ਦੇ ਸਬੰਧ 'ਚ ਹੁਣ ਤੱਕ ਨੌਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸਨੇ ਬਾਅਦ ਵਿੱਚ ਕਿਹਾ ਕਿ ਪੰਜ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰੰਗਨਾਨੀ ਮੁਤਾਬਕ ਹਿੰਸਾ 'ਚ ਕੁੱਲ 9 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚ ਅੱਠ ਪੁਲਿਸ ਕਰਮਚਾਰੀ ਅਤੇ ਇਕ ਨਾਗਰਿਕ ਸ਼ਾਮਲ ਹੈ ਅਤੇ ਸਾਰਿਆਂ ਦਾ ਬਾਬੂ ਜਗਜੀਵਨ ਰਾਮ ਮੈਮੋਰੀਅਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਪੁਲਿਸ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੱਕ ਸਬ-ਇੰਸਪੈਕਟਰ ਨੂੰ ਗੋਲੀ ਲੱਗੀ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਕਿਹਾ ਕਿ ਐਤਵਾਰ ਸਵੇਰੇ ਜਹਾਂਗੀਰਪੁਰੀ ਵਿਖੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਮੌਕੇ 'ਤੇ ਮੌਜੂਦ ਸੀ ਅਤੇ ਸਥਿਤੀ 'ਤੇ ਨਜ਼ਰ ਰੱਖਣ ਲਈ ਤਤਕਾਲ ਟਾਸਕ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਰੰਗਨਾਨੀ ਅਨੁਸਾਰ ਫਿਲਹਾਲ ਇਲਾਕੇ 'ਚ ਸਥਿਤੀ ਆਮ ਵਾਂਗ ਹੈ।