ਚਾਰ ਮਹੀਨਿਆਂ ਤੋਂ ਪੁੱਤ ਦੀ ਲਾਸ਼ ਦੀ ਉਡੀਕ ਕਰਦੀ ਮਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮਾਂ-ਪੁੱਤ ਦੋਹਾਂ ਦਾ ਇਕੱਠਿਆਂ ਕੀਤਾ ਗਿਆ ਸਸਕਾਰ

A mother who had been waiting for her son's body for four months died

ਹੁਸ਼ਿਆਰਪੁਰ (ਪੰਕਜ ਨੰਗਲਾ) ਰੋਜ਼ੀ ਰੋਟੀ ਲਈ ਰੋਮਾਨੀਆਂ ਗਏ ਹੁਸ਼ਿਆਰਪੁਰ ਦੇ ਪਿੰਡ ਲੰਗੇਰੀ ਦੇ 35 ਸਾਲਾ ਨੌਜਵਾਨ ਦੀ ਰੋਮਾਨੀਆਂ 'ਚ ਭੇਦਭਰੇ ਹਾਲਤ ਵਿਚ ਮੌਤ ਹੋ ਜਾਣ ਤੋਂ ਬਾਅਦ ਲਾਸ਼ ਲਈ ਮੰਗਵਾਉਣ ਲਈ ਜੱਦੋ ਜਹਿਦ ਕਰ ਰਹੇ ਪਰਿਵਾਰ 'ਤੇ ਉਸ ਸਮੇਂ ਵੱਡਾ ਭਾਣਾ ਵਰਤ ਗਿਆ ਜਦੋਂ ਆਪਣੇ ਪੁੱਤਰ ਦੀ ਲਾਸ਼ ਉਡੀਕਦੀ ਮਾਂ ਵੀ, ਪੁੱਤ ਦੀ ਲਾਸ਼ ਪਹੁੰਚਣ ਤੋਂ ਪਹਿਲਾਂ ਚੱਲ ਵਸੀ।

ਦੁਪਹਿਰ ਤਿੰਨ ਵਜੇ ਜਦੋਂ ਪੁੱਤ ਦੀ ਲਾਸ਼ ਪਿੰਡ ਪਹੁੰਚੀ ਤਾਂ ਮਾਂ ਅਤੇ ਪੁੱਤ ਦੋਹਾਂ ਦਾ ਇੱਕਠਿਆਂ ਦਾ ਅੰਤਿਮ ਸਸਕਾਰ ਕੀਤਾ ਗਿਆ।  ਜਿਸ ਕਾਰਨ ਸਾਰਾ ਪਿੰਡ ਅਤੇ ਇਲਾਕਾ ਗਮਗੀਨ ਹੋ ਗਿਆ। ਗੱਲਬਾਤ ਕਰਦਿਆਂ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੁਲਦੀਪ ਸਿੰਘ ਭਾਖ਼ੜਾ ਨੰਗਲ ਦੇ ਇੱਕ ਏਜੰਟ ਰਾਹੀਂ ਅਪ੍ਰੈਲ ਮਹੀਨੇ ਵਿਚ ਰੋਮਾਨੀਆਂ ਗਿਆ ਸੀ।

30 ਅਪ੍ਰੈਲ ਨੂੰ  ਉਨ੍ਹਾਂ ਨੇ ਆਪਣੇ ਲੜਕੇ ਨਾਲ ਵੀਡੀਓ ਕਾਲ ਕਰਕੇ ਗੱਲ ਕੀਤੀ ਤੇ ਉਸੇ ਸ਼ਾਮ ਨੂੰ  ਏਜੰਟ ਦਾ ਫ਼ੋਨ ਆਇਆ ਕਿ ਕੁਲਦੀਪ ਦੀ ਦਿਲ ਦੀ ਗਤੀ ਰੁਕਣ ਕਾਰਨ ਮੌਤ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਦੋ ਦਿਨ ਬਾਅਦ ਏਜੰਟ ਨੇ ਉਨ੍ਹਾਂ ਨੂੰ  ਫ਼ੋਨ ਕਰਕੇ ਕਿਹਾ ਕਿ ਲਾਸ਼ ਲੰਗੇਰੀ ਲੈ ਕੇ ਆਉਣੀ ਹੈ ਅਤੇ ਉਹ ਹਲਫ਼ੀਆ ਬਿਆਨ ਦੇਣ |

ਉਨ੍ਹਾਂ ਹਲਫ਼ੀਆ ਬਿਆਨ ਵੀ ਭੇਜ ਦਿੱਤਾ | ਉਨ੍ਹਾਂ ਦੱਸਿਆ ਕਿ 04 ਅਪ੍ਰੈਲ ਨੂੰ  ਏਜੰਟ ਨੇ ਉਨ੍ਹਾਂ ਨੂੰ  ਫੋਨ ਕਰਕੇ ਦੱਸਿਆ ਕਿ ਲਾਸ਼ ਭਾਰਤ ਆਉਣ ਲਈ ਅੱਠ ਦਸ ਦਿਨ ਲੱਗ ਜਾਣੇ ਹਨ ਪਰੰਤੂ ਲਾਸ਼ ਪਿੰਡ ਨਹੀਂ ਆ ਸਕੀ | 

ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਤੇ ਸਰਕਾਰ ਨੂੰ ਕੀਤੀ ਅਪੀਲ ਸਦਕਾ ਰੋਮਾਨੀਆਂ ਵਿਖ਼ੇ ਭਾਰਤੀ ਦੂਤਾਵਾਸ ਦੀ ਦਖ਼ਲ ਅੰਦਾਜੀ ਨਾਲ ਕੁਲਦੀਪ ਦੀ ਲਾਸ਼ ਚਾਰ ਮਹੀਨੇ ਬਾਅਦ ਪਿੰਡ ਪਹੁੰਚੀ। ਪਰ ਉਸ ਦੇ ਆਉਣ ਤੋਂ ਪਹਿਲਾਂ ਹੀ ਆਪਣੇ ਪੁੱਤਰ ਦਾ ਮੂੰਹ ਦੇਖ਼ਣ ਲਈ ਇੰਤਜਾਰ ਕਰਦੀ ਉਸ ਦੀ ਮਾਂ ਗੁਰਦੇਵ ਕੌਰ ਵੀ ਅਕਾਲ ਚਲਾਣਾ ਕਰ ਗਈ