Doha-Qatar News: ਦੋਹਾ-ਕਤਰ 'ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ
Doha-Qatar News:1000 ਤੋਂ ਵੱਧ ਲੋਕਾਂ ਨੇ ਕੀਤੀ ਸ਼ਿਰਕਤ
Doha-Qatar News: ਅਰਬ ਦੇਸ਼ ਦੋਹਾ-ਕਤਰ ਦੀ ਧਰਤੀ 'ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਸੇਵਾ ਦਲ ਦੀ ਟੀਮ ਵਲੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ, ਦੀਵਾਲੀ ਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਪੰਜਵਾਂ ਵਿਸ਼ਾਲ ਖੂਨਦਾਨ ਕੈਂਪ ਨੈਸ਼ਨਲ ਬਲੱਡ ਡੋਨੇਸ਼ਨ ਸੈਂਟਰ, ਕਤਰ ਵਿਖੇ ਲਗਾਇਆ ਗਿਆ। ਪੰਜਾਬ ਸੇਵਾ ਦਲ ਦੇ ਪ੍ਰਧਾਨ ਅੰਗਰੇਜ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਖੂਨਦਾਨ ਕੈਂਪ ਵਿਚ 1000 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ। 656 ਬਲੱਡ ਡੋਨਰ ਰਜਿਸਟਰਡ ਕੀਤੇ ਗਏ ਪਰ ਸਮੇਂ ਦੀ ਘਾਟ ਕਰਕੇ 400 ਦੇ ਕਰੀਬ ਲੋਕਾਂ ਨੇ ਹੀ ਖੂਨਦਾਨ ਕੀਤਾ।
ਇਹ ਵੀ ਪੜ੍ਹੋ: Sangrur Farmer News: ਸੰਗਰੂਰ 'ਚ ਖ਼ੇਤ ਵਿਚ ਕਰੰਟ ਲੱਗਣ ਨਾਲ ਕਿਸਾਨ ਦੀ ਹੋਈ ਮੌਤ
ਖੂਨਦਾਨ ਕੈਂਪ ਦੌਰਾਨ ਭਾਰਤੀ ਦੂਤਾਵਾਸ ਤੋਂ ਡਿਪਟੀ ਚੀਫ ਮਿਸ਼ਨ ਸੰਦੀਪ ਕੁਮਾਰ ਨੇ ਉਚੇਚੇ ਤੌਰ 'ਤੇ ਹਾਜ਼ਰੀ ਲਗਵਾਈ ਅਤੇ ਸਮੂਹ ਪੰਜਾਬੀ ਭਾਈਚਾਰੇ ਅਤੇ ਪੰਜਾਬ ਸੇਵਾ ਦਲ ਦੀ ਟੀਮ ਦਾ ਇਸ ਮਹਾਨ ਉਪਰਾਲੇ ਲਈ ਧੰਨਵਾਦ ਕੀਤਾ। ਕਤਰ ਦੀਆਂ ਬਹੁਤ ਸਾਰੀਆਂ ਕਮੇਟੀਆਂ ਨੇ ਵੀ ਪੰਜਾਬ ਸੇਵਾ ਦਲ ਦਾ ਮਾਣ ਵਧਾਇਆ। ਇਸ ਦੇ ਨਾਲ ਹੀ ਸਟੇਜ ਵੀ ਲਗਾਈ ਗਈ। ਜਿਸ ਦੀ ਅਗਵਾਈ ਸਰਦਾਰ ਭੁਪਿੰਦਰ ਸਿੰਘ ਨੂਰ ਮਹਿਲ ਨੇ ਕੀਤੀ। ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੇ ਚਾਨਣਾਂ ਪਾਇਆ ਗਿਆ। ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਕਵਿਤਾਵਾਂ, ਧਾਰਮਿਕ ਗੀਤ ਵੀ ਬੋਲੇ ਗਏ। ਇਸ ਤੋ ਇਲਾਵਾ ਢਾਡੀ ਜੱਥੇ ਵੱਲੋਂ ਵਾਰਾਂ ਵੀ ਗਾਈਆਂ ਗਈਆਂ। ਡਾਕਟਰ ਨਰਿੰਦਰ ਜੀ (ਹਰਟ ਸਪੈਸ਼ਲਿਸਟ) ਵੱਲੋ ਖੂਨਦਾਨ ਕਰਨ ਦੇ ਫ਼ਾਇਦੇ ਦੱਸੇ ਗਏ।
ਇਹ ਵੀ ਪੜ੍ਹੋ: Fraidkot Doctor Death News: ਫ਼ਰੀਦਕੋਟ ਦੇ ਮੈਡੀਕਲ ਕਾਲਜ ਦੇ ਹੋਸਟਲ 'ਚੋਂ ਮਿਲੀ ਡਾਕਟਰ ਦੀ ਲਾਸ਼
ਬੱਚਿਆਂ ਵੱਲੋ ਮੂਲ- ਮੰਤਰ ਦਾ ਪਾਠ ਅਤੇ ਗੁਰੂ ਸਾਹਿਬ ਦੇ ਜੀਵਨ ਬਾਰੇ ਦੱਸਿਆ ਗਿਆ। ਕਤਰ ਦੇ ਦੋਵੇਂ ਗੁਰਦੁਆਰਾ ਸਾਹਿਬ ਦੇ ਸੰਚਾਲਕ ਗਿਆਨੀ ਜਸਵੰਤ ਸਿੰਘ ਅਤੇ ਭਾਈ ਹਰਜੀਤ ਸਿੰਘ ਜੀ ਨੇ ਪੰਜਾਬ ਸੇਵਾ ਦਲ ਦੀ ਪੂਰੀ ਟੀਮ ਦੀ ਹੌਂਸਲਾ ਅਫ਼ਜ਼ਾਈ ਕੀਤੀ। ਡਾਕਟਰ ਅਮਨਪ੍ਰੀਤ ਭਾਟੀਆ ਨੇ ਗੁਰੂ ਸਾਹਿਬ ਦੀ ਵਿਚਾਰਧਾਰਾ ਤੇ ਉਸ ਨੂੰ ਅਸਲ ਜੀਵਨ ਵਿੱਚ ਅਪਨਾਉਣ ਲਈ ਪ੍ਰੇਰਿਆ। ਟੀਮ ਵਲੋਂ ਵਲੰਟੀਅਰ ਕਾਰਜਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨਿਮਰਤਾ ਤੇ ਸਹਿਣਸ਼ੀਲਤਾ ਨਾਲ ਨਿਭਾਇਆ। ਗੁਰੂ ਕਾ ਲੰਗਰ ਸਵੇਰੇ 8:00 ਵਜੇ ਤੌ ਲੇ ਕੇ ਸ਼ਾਮ 6:00 ਵਜੇ ਤੱਕ ਅਤੁੱਟ ਵਰਤਾਇਆ ਗਿਆ। ਜਿਸ ਦੀ ਅਗਵਾਈ ਭਾਈ ਗੁਰਪ੍ਰੀਤ ਸਿੰਘ ਵਲੋਂ ਕੀਤੀ ਗਈ । ਸਾਰੇ ਬਲੱਡ ਡੋਨਰਜ਼ ਨੂੰ ਪ੍ਰਸ਼ੰਸਾ ਪੱਤਰ ਨਾਲ ਨਿਵਾਜਿਆ ਗਿਆ। ਪੰਜਾਬ ਸੇਵਾ ਦਲ ਦੇ ਪ੍ਰਧਾਨ ਅੰਗਰੇਜ਼ ਸਿੰਘ (ਪੱਕੇ ਕਤਰ ਵਾਲੇ) ਨੇ ਸਮੁੱਚੀ ਪੰਜਾਬ ਸੇਵਾ ਦਲ ਦੀ ਟੀਮ, ਆਏ ਹੋਏ ਸਾਰੇ ਬਲੱਡ ਡੋਨਰ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਸੇਵਾ ਦਲ ਦੀ ਟੀਮ ਸਮਾਜਿਕ ਅਤੇ ਮਨੁੱਖਤਾ ਦੀ ਭਲਾਈ ਦੇ ਕਾਰਜਾਂ ਵਿੱਚ ਯਤਨਸ਼ੀਲ ਰਹੇਗੀ ਅਤੇ ਨਾਲ ਹੀ ਪੰਜਾਬ ਸੇਵਾ ਦਲ ਦੀ ਪੂਰੀ ਟੀਮ ਤੇ ਭਾਈ ਅੰਗਰੇਜ ਸਿੰਘ ਤੇ ਸਰਬਜੀਤ ਸਿੰਘ ਵੱਲੋਂ ਸੋਸ਼ਲ ਮੀਡੀਆ 'ਤੇ ਸਪੋਰਟ ਕਰਨ ਵਾਲੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।