ਅਮਰੀਕਾ ਵਿੱਚ ਪੰਜਾਬੀ ਔਰਤ ਗ੍ਰਿਫ਼ਤਾਰ, ਗ੍ਰੀਨ ਕਾਰਡ ਇੰਟਰਵਿਊ ਦੌਰਾਨ ਹਿਰਾਸਤ ਵਿਚ ਲਿਆ
ਪਿਛਲੇ 30 ਸਾਲ ਤੋਂ ਪ੍ਰਵਾਰ ਨਾਲ ਅਮਰੀਕਾ ਰਹਿ ਰਹੀ ਹੈ ਬਬਲਜੀਤ ਕੌਰ
ਅਮਰੀਕਾ ਵਿਚ ਪਿਛਲੇ 30 ਸਾਲ ਤੋਂ ਰਹਿ ਰਹੀ ਇੱਕ 60 ਸਾਲਾ ਪੰਜਾਬੀ ਮੂਲ ਦੀ ਔਰਤ ਨੂੰ ਗ੍ਰੀਨ ਕਾਰਡ ਇੰਟਰਵਿਊ ਦੌਰਾਨ ਹਿਰਾਸਤ ਵਿਚ ਲੈ ਲਿਆ ਗਿਆ। ਇਹ ਘਟਨਾ 1 ਦਸੰਬਰ ਨੂੰ ਵਾਪਰੀ, ਜਦੋਂ ਬਬਲਜੀਤ ਕੌਰ ਉਰਫ਼ ਬਬਲੀ ( Babblejit Kaur Detained) ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈਸੀਈ) ਦਫ਼ਤਰ ਪਹੁੰਚੀ ਸੀ। ਉਹ ਆਪਣੀ ਗ੍ਰੀਨ ਕਾਰਡ ਅਰਜ਼ੀ ਦੀ ਅੰਤਿਮ ਪ੍ਰਕਿਰਿਆ ਦੇ ਹਿੱਸੇ ਵਜੋਂ ਬਾਇਓਮੈਟ੍ਰਿਕ ਸਕੈਨ ਲਈ ਉੱਥੇ ਗਈ ਸੀ।
ਬਬਲਜੀਤ ( Babblejit Kaur Detained) ਦੀ ਧੀ ਜੋਤੀ ਨੇ ਕਿਹਾ ਕਿ ਉਸ ਦੀ ਮਾਂ ICE ਦਫ਼ਤਰ ਦੇ ਫਰੰਟ ਡੈਸਕ 'ਤੇ ਖੜ੍ਹੀ ਸੀ ਉਦੋਂ ਕਈ ਸੰਘੀ ਏਜੰਟ ਅੰਦਰ ਆਏ। ਫਿਰ ਬਬਲੀ ਕੌਰ ਨੂੰ ਇੱਕ ਕਮਰੇ ਵਿੱਚ ਬੁਲਾਇਆ ਗਿਆ। ਉੱਥੇ, ਉਸ ਨੂੰ ਸੂਚਿਤ ਕੀਤਾ ਗਿਆ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ।
ਬਬਲਜੀਤ (( Babblejit Kaur Detained) ਦੀ ਗ੍ਰਿਫਤਾਰੀ ਤੋਂ ਬਾਅਦ ਕਈ ਘੰਟਿਆਂ ਤੱਕ, ਪਰਿਵਾਰ ਨੂੰ ਇਹ ਨਹੀਂ ਦੱਸਿਆ ਗਿਆ ਕਿ ਉਸ ਨੂੰ ਕਿੱਥੇ ਲਿਜਾਇਆ ਗਿਆ ਹੈ। ਬਾਅਦ ਵਿੱਚ, ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਨੂੰ ਰਾਤੋ-ਰਾਤ ਐਡੇਲੈਂਟੋ ਹਿਰਾਸਤ ਕੇਂਦਰ ਭੇਜ ਦਿੱਤਾ ਗਿਆ ਸੀ। ਇਹ ਜਗ੍ਹਾ ਪਹਿਲਾਂ ਇੱਕ ਸੰਘੀ ਜੇਲ੍ਹ ਸੀ ਅਤੇ ਹੁਣ ਇੱਕ ICE ਨਜ਼ਰਬੰਦੀ ਕੇਂਦਰ ਹੈ। ਬਬਲੀ ਨੂੰ ਇਸ ਸਮੇਂ ਉੱਥੇ ਰੱਖਿਆ ਗਿਆ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਅਜੇ ਤੱਕ ਉਨ੍ਹਾਂ ਦੀ ਨਜ਼ਰਬੰਦੀ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਹੈ।
ਕੌਣ ਹੈ ਬਬਲਜੀਤ ਕੌਰ (( Babblejit Kaur Detained) ?
ਬਬਲਜੀਤ ਕੌਰ 1994 ਤੋਂ ਅਮਰੀਕਾ ਵਿੱਚ ਰਹਿ ਰਹੀ ਹੈ। ਸ਼ੁਰੂ ਵਿੱਚ, ਉਸ ਦਾ ਪਰਿਵਾਰ ਕੈਲੀਫੋਰਨੀਆ ਦੇ ਲਾਗੁਨਾ ਬੀਚ ਵਿੱਚ ਰਹਿੰਦਾ ਸੀ। ਬਾਅਦ ਵਿੱਚ, ਕੰਮ ਦੇ ਕਾਰਨ, ਉਹ ਲੌਂਗ ਬੀਚ ਦੇ ਬੇਲਮੋਂਟ ਸ਼ੋਰ ਖੇਤਰ ਵਿੱਚ ਵਸ ਗਏ। ਬਬਲਜੀਤ ਦੇ ਤਿੰਨ ਬੱਚੇ ਹਨ। 34 ਸਾਲਾ ਵੱਡੀ ਧੀ ਜੋਤੀ ਕੋਲ DACA (ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਜ਼) ਦੇ ਤਹਿਤ ਕਾਨੂੰਨੀ ਪਰਮਿਟ ਹੈ। ਬਬਲਜੀਤ ਦਾ ਪੁੱਤਰ ਅਤੇ ਦੂਜੀ ਧੀ ਅਮਰੀਕੀ ਨਾਗਰਿਕ ਹਨ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਕੋਈ ਅਪਰਾਧਿਕ ਦੋਸ਼ ਨਹੀਂ ਹਨ।
ਬਬਲੀ ਦੀ ਗ੍ਰੀਨ ਕਾਰਡ ਪਟੀਸ਼ਨ ਪਹਿਲਾਂ ਹੀ ਮਨਜ਼ੂਰ ਹੋ ਚੁੱਕੀ ਹੈ। ਇਹ ਪਟੀਸ਼ਨ ਉਸ ਦੀ ਧੀ, ਜੋ ਕਿ ਇੱਕ ਅਮਰੀਕੀ ਨਾਗਰਿਕ ਹੈ, ਅਤੇ ਉਸ ਦੇ ਪਤੀ, ਜਿਸ ਕੋਲ ਵੀ ਗ੍ਰੀਨ ਕਾਰਡ ਹੈ, ਦੁਆਰਾ ਦਾਇਰ ਕੀਤੀ ਗਈ ਸੀ। ਇਸ ਦੇ ਬਾਵਜੂਦ, ਉਸ ਦਾ ਪਰਿਵਾਰ ਉਸ ਦੀ ਨਜ਼ਰਬੰਦੀ ਤੋਂ ਬਹੁਤ ਦੁਖੀ ਹੈ। ਬਬਲੀ ਅਤੇ ਉਨ੍ਹਾਂ ਦੇ ਪਤੀ ਨੇ ਲਗਭਗ 20 ਸਾਲਾਂ ਤੱਕ ਰੈਸਟੋਰੈਂਟ ਵਿਚ ਕੰਮ ਕੀਤਾ।
ਲੌਂਗ ਬੀਚ ਦੇ ਡੈਮੋਕ੍ਰੇਟਿਕ ਕਾਂਗਰਸਮੈਨ ਰੌਬਰਟ ਗਾਰਸੀਆ ਨੇ ਬਬਲੀ ਦੀ ਰਿਹਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੇ ਦਫ਼ਤਰ ਨੇ ਕਿਹਾ ਕਿ ਉਹ ਇਸ ਮੁੱਦੇ 'ਤੇ ਸੰਘੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਬਬਲੀ ਦਾ ਪਰਿਵਾਰ ਕਾਨੂੰਨੀ ਪ੍ਰਕਿਰਿਆ ਵਿੱਚ ਲੱਗਿਆ ਹੈ ਤੇ ਦਸਤਾਵੇਜ਼ ਤਿਆਰ ਕਰ ਰਿਹਾ ਹੈ ਤਾਂ ਜੋ ਉਸ ਦੀ ਜ਼ਮਾਨਤ ਕਰਵਾਈ ਜਾਵੇ।