ਐਡਮਿੰਟਨ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਮੁਲਜ਼ਮਾਂ ਦੇ ਗੱਡੀ ਘੇਰ ਕੇ ਮਾਰੀਆਂ ਗੋਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸਟੱਡੀ ਵੀਜ਼ਾ 'ਤੇ 3 ਸਾਲ ਪਹਿਲਾ ਗਿਆ ਸੀ ਵਿਦੇਸ਼

Punjabi youth shot dead in Edmonton news

Punjabi youth shot dead in Edmonton news: ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨੌਜਵਾਨ ਦੇ ਭਰਾ ਪੁਨਰ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ। ਇਹ ਘਟਨਾ 14 ਮਾਰਚ ਦੀ ਦੁਪਹਿਰ ਨੂੰ ਐਡਮਿੰਟਨ ਨੇੜੇ ਲੇਡੁਕ ਇਲਾਕੇ ਵਿੱਚ ਵਾਪਰੀ। ਅਣਪਛਾਤੇ ਹਮਲਾਵਰਾਂ ਨੇ ਹਾਈਵੇਅ 2 'ਤੇ ਇੱਕ ਕਾਰ ਨੂੰ ਘੇਰ ਲਿਆ ਅਤੇ ਅੰਦਰ ਬੈਠੇ ਨੌਜਵਾਨ 'ਤੇ ਗੋਲੀਆਂ ਚਲਾ ਦਿੱਤੀਆਂ।

ਮ੍ਰਿਤਕ ਦੀ ਪਛਾਣ ਬੀਰਇੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਪੁਲਿਸ ਅਨੁਸਾਰ, ਉਹ ਹਾਲ ਹੀ ਵਿੱਚ ਓਨਟਾਰੀਓ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਲਬਰਟਾ ਵਿੱਚ ਉਸਾਰੀ ਖੇਤਰ ਵਿੱਚ ਕੰਮ ਕਰ ਰਿਹਾ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੀਰਇੰਦਰ ਸਿੰਘ ਕੁਝ ਦੋਸਤਾਂ ਨਾਲ ਗੱਡੀ 'ਤੇ ਬਾਹਰ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਕਾਰ ਵਿੱਚ ਇੱਕ ਹੋਰ ਵਿਅਕਤੀ ਵੀ ਸੀ, ਹਾਲਾਂਕਿ ਪੁਲਿਸ ਨੇ ਅਜੇ ਤੱਕ ਉਸ ਦੀ ਪਛਾਣ ਜਾਰੀ ਨਹੀਂ ਕੀਤੀ ਹੈ।

ਚਸ਼ਮਦੀਦਾਂ ਅਤੇ ਸ਼ੁਰੂਆਤੀ ਜਾਂਚ ਦੇ ਅਨੁਸਾਰ, ਹਮਲਾਵਰ ਇੱਕ ਪਿਕਅੱਪ ਟਰੱਕ ਵਿੱਚ ਸਵਾਰ ਸਨ ਉਨ੍ਹਾਂ ਨੇ ਬੀਰਇੰਦਰ ਦੀ ਕਾਰ ਨੂੰ ਰੋਕਿਆ ਅਤੇ ਉਸ 'ਤੇ ਗੋਲੀਬਾਰੀ ਕੀਤੀ, ਜਿਸ ਨਾਲ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਇਸ ਵੇਲੇ ਜਾਂਚ ਕਰ ਰਹੀ ਹੈ ਕਿ ਕੀ ਹਮਲਾਵਰ ਬੀਰਇੰਦਰ ਸਿੰਘ ਨੂੰ ਜਾਣਦੇ ਸਨ ਜਾਂ ਨਹੀਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

22 ਸਾਲਾ ਬੀਰਇੰਦਰ ਸਿੰਘ ਤਿੰਨ ਸਾਲ ਪਹਿਲਾਂ ਕੈਨੇਡਾ ਆਇਆ ਸੀ ਅਤੇ ਪਿਛਲੇ ਪੰਜ ਮਹੀਨਿਆਂ ਤੋਂ ਐਡਮਿੰਟਨ ਵਿੱਚ ਰਹਿ ਰਿਹਾ ਸੀ। ਉਹ ਉਸਾਰੀ ਦਾ ਕੰਮ ਕਰਦਾ ਸੀ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਸੁਪਨਾ ਦੇਖਦਾ ਸੀ। ਉਸ ਨੂੰ 14 ਮਾਰਚ, 2026 ਨੂੰ ਸ਼ਨੀਵਾਰ ਦੁਪਹਿਰ ਲਗਭਗ 2:50 ਵਜੇ ਐਡਮਿੰਟਨ ਦੇ ਦੱਖਣ ਵਿੱਚ ਹਾਈਵੇਅ 2 'ਤੇ ਗੋਲੀਆਂ ਮਾਰ ਦਿੱਤੀਆਂ ਗਈਆਂ।

ਦੋਸਤਾਂ ਨੇ ਬੀਰਇੰਦਰ ਦੀ ਲਾਸ਼ ਭਾਰਤ ਭੇਜਣ ਲਈ ਇੱਕ ਗੋ ਫੰਡ ਮੀ ਪੇਜ ਬਣਾਇਆ ਸੀ, ਜਿਸ ਰਾਹੀਂ ਜ਼ਰੂਰੀ ਫੰਡ ਇਕੱਠੇ ਕੀਤੇ ਗਏ ਹਨ ਤਾਂ ਜੋ ਉਸ ਦੇ ਮਾਪੇ ਆਖਰੀ ਵਾਰ ਆਪਣੇ ਪੁੱਤਰ ਦਾ ਚਿਹਰਾ ਦੇਖ ਸਕਣ।