Sultanpur Lodhi News: 40 ਲੱਖ ਰੁਪਏ ਲਗਾ ਕੇ ਅਮਰੀਕਾ ਗਏ ਨੌਜਵਾਨ ਦੀ ਮੌਤ, 2 ਸਾਲ ਪਹਿਲਾਂ ਡੰਕੀ ਲਗਾ ਕੇ ਗਿਆ ਸੀ ਵਿਦੇਸ਼
Sultanpur Lodhi News: ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਿਤ ਸੀ ਨੌਜਵਾਨ, ਪੀੜਤ ਪਰਿਵਾਰ ਨੇ ਸਰਕਾਰ ਪਾਸੋਂ ਮਦਦ ਦੀ ਲਗਾਈ ਗੁਹਾਰ
ਦੋ ਸਾਲ ਪਹਿਲਾਂ ਡੰਕੀ ਰਾਹੀਂ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਵਿਨੋਦ ਸਿੰਘ ਵਜੋਂ ਹੋਈ ਹੈ, ਜੋ ਕਿ ਸੁਲਤਾਨਪੁਰ ਲੋਧੀ ਦੇ ਪਿੰਡ ਭੈਣੀ ਹੁਸੇ ਖਾਂ ਨਾਲ ਸੰਬੰਧਿਤ ਸੀ।
ਮਿਲੀ ਜਾਣਕਾਰੀ ਅਨੁਸਾਰ ਵਿਨੋਦ ਸਿੰਘ ਕਰੀਬ ਦੋ ਸਾਲ ਪਹਿਲਾਂ ਡੰਕੀ ਰਾਹੀਂ ਆਪਣੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਅਤੇ ਚੰਗੀ ਰੋਜ਼ੀ ਰੋਟੀ ਦੀ ਭਾਲ ਵਾਸਤੇ ਅਮਰੀਕਾ ਗਿਆ ਸੀ ਪਰ ਕੈਂਸਰ ਨਾਮ ਦੀ ਨਾ ਮੁਰਾਦ ਬਿਮਾਰੀ ਨੇ ਉਸ ਨੂੰ ਅਮਰੀਕਾ ਪਹੁੰਚਦਿਆਂ ਹੀ ਆਪਣੀ ਗ੍ਰਿਫਤ ਵਿੱਚ ਲੈ ਲਿਆ। ਜਿਸ ਕਾਰਨ ਉਹ ਉੱਥੇ ਲੰਮਾ ਸਮਾਂ ਬਿਮਾਰ ਰਹਿਣ ਮਗਰੋਂ ਦਮ ਤੋੜ ਗਿਆ।
ਮ੍ਰਿਤਕ ਨੌਜਵਾਨ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨਾਂ ਨੇ ਅੱਖਾਂ ਵਿੱਚ ਕਈ ਸਪਨੇ ਸਜਾ ਕੇ ਆਪਣੇ ਪੁੱਤਰ ਵਿਨੋਦ ਸਿੰਘ ਨੂੰ 40 ਲੱਖ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਇੰਨਾ ਵੱਡਾ ਦੁੱਖਾਂ ਦਾ ਪਹਾੜ ਟੁੱਟ ਪਵੇਗਾ।
ਵਿਨੋਦ ਦੇ ਪਿਤਾ ਨੇ ਦੱਸਿਆ ਕਿ ਸੱਤ ਮਹੀਨੇ ਜੰਗਲਾਂ ਵਿਚ ਰਹਿਣ ਤੋਂ ਬਾਅਦ ਵਿਨੋਦ ਅਮਰੀਕਾ ਪਹੁੰਚਿਆ ਸੀ ਅਤੇ ਅਮਰੀਕਾ ਪਹੁੰਚਦੇ ਹੀ ਇੱਕ ਮਹੀਨੇ ਬਾਅਦ ਉਸ ਨੂੰ ਕੈਂਸਰ ਵਰਗੀ ਬਿਮਾਰੀ ਹੋ ਜਾਂਦੀ ਹੈ। ਲੰਮਾ ਸਮਾਂ ਵਿਨੋਦ ਦਾ ਇਲਾਜ ਉਸ ਦੇ ਦੋਸਤਾਂ ਵੱਲੋਂ ਇੱਕ ਦੂਸਰੇ ਦੀ ਮਦਦ ਨਾਲ ਕਰਵਾਇਆ ਜਾ ਰਿਹਾ ਸੀ ਪਰ ਅਖ਼ੀਰ ਇਸ ਬਿਮਾਰੀ ਦੇ ਨਾਲ ਲੜਦੇ ਲੜਦੇ ਵਿਨੋਦ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਹੈ।