40 ਪੰਜਾਬੀ ਨੌਜਵਾਨਾਂ ਵੱਲੋਂ ਪੁਲਿਸ ਅਫ਼ਸਰ ਨੂੰ ਰੋਕਣ ਦਾ ਮਾਮਲਾ, ਪੁਲਿਸ ਕਰ ਰਹੀ ਹੈ ਨੌਜਵਾਨਾਂ ਦੀ ਪਛਾਣ
11 ਸਤੰਬਰ ਨੂੰ ਰਾਤ 9 ਵਜੇ ਦੇ ਕਰੀਬ ਕੈਨੇਡਾ 'ਚ ਪੁਲਿਸ ਅਫ਼ਸਰ ਨੂੰ ਸਟ੍ਰਾਬੇਰੀ ਹਿੱਲਜ਼ 'ਚ 40 ਦੇ ਕਰੀਬ ਪੰਜਾਬੀ ਨੌਜਵਾਨਾਂ ਵੱਲੋਂ ਰੋਕਿਆ ਗਿਆ ਸੀ
ਕੈਨੇਡਾ - 11 ਸਤੰਬਰ ਨੂੰ ਰਾਤ 9 ਵਜੇ ਦੇ ਕਰੀਬ ਕੈਨੇਡਾ 'ਚ ਪੁਲਿਸ ਅਫ਼ਸਰ ਨੂੰ ਸਟ੍ਰਾਬੇਰੀ ਹਿੱਲਜ਼ 'ਚ 40 ਦੇ ਕਰੀਬ ਪੰਜਾਬੀ ਨੌਜਵਾਨਾਂ ਵੱਲੋਂ ਰੋਕਿਆ ਗਿਆ ਸੀ ਜਿਸ ਦੀ ਵੀਡੀਓ ਵੀ ਕਾਫ਼ੀ ਵਾਇਰਲ ਹੋਈ ਸੀ। ਕਾਂਸਟੇਬਲ ਸਰਬਜੀਤ ਸੰਘਾ ਨੇ ਇੱਕ ਪੰਜਾਬੀ ਕੈਨੇਡੀਅਨ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਦੱਸਿਆ ਕਿ ਕਿਵੇਂ 40 ਪੰਜਾਬੀ ਨੌਜਵਾਨਾਂ ਦੇ ਇੱਕ ਸਮੂਹ ਨੇ ਹਫੜਾ-ਦਫੜੀ ਮਚਾਈ ਜਦੋਂ ਇੱਕ ਪੁਲਿਸ ਅਧਿਕਾਰੀ ਨੇ ਇੱਕ ਕਾਰ ਚਾਲਕ ਨੂੰ "ਨੋਟਿਸ ਆਫ਼ ਆਰਡਰ" ਜਾਰੀ ਕੀਤਾ, ਜੋ ਕਿ ਸਟ੍ਰਾਬੇਰੀ ਦੇ ਆਲੇ-ਦੁਆਲੇ ਘੁੰਮ ਰਿਹਾ ਸੀ।
ਉਹਨਾਂ ਕਿਹਾ ਕਿ ਕੈਨੇਡਾ ਦੀ ਆਰਥਿਕਤਾ ਅਤੇ ਵਿਕਾਸ ਵਿਚ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ ਪਰ ਕੁਝ ਸ਼ਰਾਰਤੀ ਤੱਤ ਭਾਈਚਾਰੇ ਲਈ ਮੁਸੀਬਤ ਅਤੇ ਬਦਨਾਮੀ ਪੈਦਾ ਕਰ ਰਹੇ ਹਨ। ਦਰਅਸਲ ਇਹਨਾਂ ਪੰਜਾਬੀ ਨੌਜਵਾਨਾਂ ਨੇ ਸੜਕ ਵਿਚਕਾਰ ਉੱਚੀ-ਉੱਚੀ ਗਾਣੇ ਚਲਾਏ ਹੋਏ ਸਨ ਤੇ ਜਦੋਂ ਪੁਲਿਸ ਵਾਲੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਰੁਕੇ ਉਲਟਾ ਉਸ ਨੂੰ ਗਲਤ ਬੋਲਣ ਲੱਗ ਪਏ। ਜਦੋਂ ਨੌਜਵਾਨ ਗਾਣੇ ਚਲਾ ਰਹੇ ਸਨ ਤਾਂ ਇੱਕ ਨਿੱਜੀ ਪਲਾਜ਼ਾ ਦੇ ਸੁਰੱਖਿਆ ਅਧਿਕਾਰੀ ਨੇ ਪੁਲਿਸ ਨੂੰ ਬੁਲਾਇਆ।
ਸਰਬਜੀਤ ਸੰਘ ਨੇ ਦੱਸਿਆ ਕਿ ਜਦੋਂ ਪੁਲਿਸ ਅਫਸਰ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਤਾਂ ਨੌਜਵਾਨ ਨੇ ਪੁਲਿਸ ਅਧਿਕਾਰੀ ਦੀ ਕਾਰ ਦੇ ਬੋਨਟ ਉੱਤੇ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਦਾ ਰਸਤਾ ਵੀ ਰੋਕ ਲਿਆ। ਉਹਨਾਂ ਕਿਹਾ ਕਿ ਇਹ ਲਗਭਗ 40 ਨੌਜਵਾਨ ਹੋਣਗੇ, ਜਿਨ੍ਹਾਂ ਨੇ ਦੁਰਵਿਵਹਾਰ ਕੀਤਾ।
ਇਸ ਤੋਂ ਅੱਗੇ ਸੰਘ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ ਪਰ ਉਹਨਾਂ ਨੇ ਅਜੇ ਤੱਕ ਕਿਸੇ ਵੀ ਨੌਜਵਾਨ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ ਕਿਉਂਕਿ ਉਹ ਨੌਜਵਾਨਾਂ ਦੀ ਪਹਿਚਾਣ ਕਰ ਰਹੇ ਹਨ ਤੇ ਉਙ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਕੰਮ ਕਰਨਗੇ।