ਸਮਾਣਾ ਦੇ ਨੌਜਵਾਨ ਦਾ ਅਮਰੀਕਾ ਵਿਚ ਗੋਲੀ ਮਾਰ ਕੇ ਕਤਲ
3 ਸਾਲ ਪਹਿਲਾਂ ਵਰਕ ਪਰਮਿਟ ਤੇ ਗਿਆ ਸੀ ਵਿਦੇਸ਼
ਸਮਾਣਾ ਦੇ ਪਿੰਡ ਫਤਿਹਪੁਰ ਦੇ ਨੌਜਵਾਨ ਦਾ ਅਮਰੀਕਾ ’ਚ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਗੁਰਦਾਸ ਸਿੰਘ (21) ਵਜੋਂ ਹੋਈ। ਮ੍ਰਿਤਕ ਕਰੀਬ ਤਿੰਨ ਸਾਲ ਪਹਿਲਾਂ ਅਮਰੀਕਾ ਗਿਆ ਸੀ। ਮ੍ਰਿਤਕ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ 50 ਲੱਖ ਰੁਪਏ ਇਕੱਠੇ ਕਰਕੇ ਆਪਣੇ ਇਕਲੌਤੇ ਪੁੁੱਤ ਨੂੰ ਵਰਕ ਪਰਮਿਟ ’ਤੇ ਅਮਰੀਕਾ ਭੇਜਿਆ ਸੀ। ਹੁਣ ਉਹ ਉਥੇ ਪੀਆਰ ਹੋ ਗਿਆ ਸੀ। ਪਰ ਬੀਤੇ ਕੱਲ੍ਹ ਉਨ੍ਹਾਂ ਨੂੰ ਉਨ੍ਹਾਂ ਦੇ ਭਤੀਜੇ ਨੇ ਫੋਨ ’ਤੇ ਦੱਸਿਆ ਕਿ ਕਿਸੇ ਨੇ ਗੁਰਦਾਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਗੁਰਦਾਸ ਸਿੰਘ ਪਾਰਕਿੰਗ ਵਿੱਚ ਆਪਣੀ ਗੱਡੀ ਵਿੱਚ ਬੈਠਾ ਹੋਇਆ ਸੀ, ਉਦੋਂ ਹੀ ਅਚਾਨਕ ਗੋਲੀ ਚੱਲੀ ਨੌਜਵਾਨ ਦੇ ਵੱਜੀ। ਗੋਲੀ ਲੱਗਣ ਕਾਰਨ ਗੁਰਦਾਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਪਰਿਵਾਰ ਨੂੰ ਵਿਦੇਸ਼ ਵਿੱਚ ਰਹਿੰਦੇ ਉਸਦੇ ਰਿਸ਼ਤੇਦਾਰਾਂ ਵੱਲੋਂ ਦਿੱਤੀ ਗਈ।
ਨੌਜਵਾਨ ਦੀ ਮੌਤ ਨਾਲ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਿੰਡ ਵਿੱਚ ਵੀ ਗਹਿਰਾ ਦੁੱਖ ਪਸਰ ਗਿਆ ਹੈ। ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਦਾਸ ਸਿੰਘ ਦੀ ਮ੍ਰਿਤਕ ਦੇਹ ਜਲਦੀ ਤੋਂ ਜਲਦੀ ਭਾਰਤ ਲਿਆਂਦੀ ਜਾਵੇ, ਤਾਂ ਜੋ ਉਹ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਕਰ ਸਕਣ।