ਬਰਨਾਲਾ ਦੇ ਪਿੰਡ ਗਹਿਲ 'ਚ ਦੋ ਧਿਰਾਂ ਦਰਮਿਆਨ ਖ਼ੂਨੀ ਝੜਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਵਿਖੇ ਐਤਵਾਰ ਸ਼ਾਮ ਦੋ ਧਿਰਾਂ ਦਰਮਿਆਨ ਹੋਏ ਖ਼ੂਨੀ ਝਗੜੇ 'ਚ ਦੋ ਨੌਜਵਾਨਾਂ ਦੇ ਗੰਭੀਰ ਜ਼ਖ਼ਮੀ ਹੋਣ ਤੋਂ ਇਲਾਵਾ ਇਕ 17 ਸਾਲਾ

File Photo

ਮਹਿਲਕਲਾਂ, 18 ਮਈ (ਜਗਦੇਵ ਸਿੰਘ ਸੇਖੋਂ): ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਵਿਖੇ ਐਤਵਾਰ ਸ਼ਾਮ ਦੋ ਧਿਰਾਂ ਦਰਮਿਆਨ ਹੋਏ ਖ਼ੂਨੀ ਝਗੜੇ 'ਚ ਦੋ ਨੌਜਵਾਨਾਂ ਦੇ ਗੰਭੀਰ ਜ਼ਖ਼ਮੀ ਹੋਣ ਤੋਂ ਇਲਾਵਾ ਇਕ 17 ਸਾਲਾ ਨੌਜਵਾਨ ਦੀ ਮੌਤ ਹੋ ਗਈ। ਥਾਣਾ ਟੱਲੇਵਾਲ ਦੀ ਪੁਲਿਸ ਨੇ ਮਾਮਲੇ 'ਚ ਕਰਾਸ ਪਰਚਾ ਕਰ ਕੇ ਮਾਮਲੇ ਦੀ ਜਾਂਚ ਆਰੰਭ ਦਿਤੀ ਹੈ। ਸਥਾਨਕ ਸਿਵਲ ਹਸਪਤਾਲ 'ਚ ਗੱਲਬਾਤ ਕਰਦਿਆਂ ਮ੍ਰਿਤਕ ਪ੍ਰਿੰਸ ਸਿੰਘ ਦੇ ਪਿਤਾ ਮੰਗਾ ਸਿੰਘ ਵਾਸੀ ਬਰਨਾਲਾ ਨੇ ਦਸਿਆ ਕਿ ਉਸ ਦਾ ਪੁੱਤਰ ਅਪਣੇ ਦੋ ਹੋਰ ਦੋਸਤਾਂ ਨਾਲ ਪਿੰਡ ਗਹਿਲ ਗਿਆ ਸੀ ਜਿਥੇ ਨਹਿਰ ਦੀ ਪਟੜੀ 'ਤੇ ਪਹਿਲਾਂ ਹੀ ਮੌਜੂਦ 20- 25 ਵਿਅਕਤੀਆਂ ਨੇ ਅਚਾਨਕ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ ਜਿਸ ਵਿਚ ਤਿੰਨੋਂ ਬੁਰੀ ਤਰਾਂ ਜ਼ਖ਼ਮੀ ਹੋ ਗਏ।

ਇਸ ਝਗੜੇ 'ਚ ਗੰਭੀਰ ਜ਼ਖ਼ਮੀ ਹੋਏ ਉਨ੍ਹਾਂ ਦੇ ਪੁੱਤਰ ਨੂੰ ਬਰਨਾਲਾ ਤੋਂ ਪਟਿਆਲਾ ਨੂੰ ਰੈਫ਼ਰ ਕਰ ਦਿਤਾ ਜਿਥੇ ਉਸ ਦੇ ਪੁੱਤਰ ਪ੍ਰਿੰਸ ਸਿੰਘ (17) ਦੀ ਮੌਤ ਹੋ ਗਈ। ਪੀੜਤ ਨੇ ਪੁਲਿਸ ਕੋਲੋਂ ਦੋਸ਼ੀਆਂ ਵਿਰੁਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਘਟਨਾ ਦਾ ਪਤਾ ਲਗਦਿਆਂ ਹੀ ਥਾਣਾ ਟੱਲੇਵਾਲ ਦੀ ਐਸਐਚਓ ਅਮਨਦੀਪ ਕੌਰ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜੀ ਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ 'ਚ ਭਰਤੀ ਕਰਵਾਇਆ। ਜ਼ਿਕਰਯੋਗ ਹੈ ਕਿ ਉਕਤ ਮਾਮਲੇ 'ਚ ਅਮ੍ਰਿਤਪਾਲ ਸਿੰਘ ਵਾਸੀ ਬਿਲਾਸਪੁਰ ਨੂੰ ਗੰਭੀਰ ਜ਼ਖ਼ਮੀ ਹੋਣ ਕਾਰਨ ਪੀਜੀਆਈ ਚੰਡੀਗੜ ਰੈਫ਼ਰ ਕਰ ਦਿਤਾ ਗਿਆ ਹੈ।

ਡੀਐਸਪੀ ਮਹਿਲ ਕਲਾਂ ਪਰਮਿੰਦਰ ਸਿੰਘ ਗਰੇਵਾਲ ਨੇ ਦਸਿਆ ਕਿ ਉਕਤ ਮਾਮਲੇ 'ਚ ਕਰਾਸ ਪਰਚਾ ਦਰਜ ਕੀਤਾ ਗਿਆ ਹੈ। ਰਾਜਾ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਬਰਨਾਲਾ ਦੇ ਬਿਆਨਾਂ 'ਤੇ ਅਮ੍ਰਿਤਪਾਲ ਸਿੰਘ ਵਾਸੀ ਬਿਲਾਸਪੁਰ, ਅਮਰਜੀਤ ਸਿੰਘ ਵਾਸੀ ਗਹਿਲ ਸਮੇਤ 7-8 ਅਣਪਛਾਤਿਆਂ ਵਿਰੁਧ 302 ਦੋ ਮਾਮਲਾ ਦਰਜ ਕੀਤਾ ਗਿਆ ਗਿਆ ਹੈ ਜਦਕਿ ਅਮ੍ਰਿਤਪਾਲ ਸਿੰਘ ਵਾਸੀ ਬਿਲਾਸਪੁਰ ਦੇ ਸਾਥੀ ਅਮਨਦੀਪ ਸਿੰਘ ਵਾਸੀ ਬਿਲਾਸਪੁਰ ਦੇ ਬਿਆਨਾਂ 'ਤੇ ਰਾਜਾ ਸਿੰਘ, ਜਸਪ੍ਰੀਤ ਸਿੰਘ ਤੇ ਪ੍ਰਿੰਸ ਵਿਰੁਧ 307 ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਲੜਾਈ 'ਚ ਗੰਭੀਰ ਜ਼ਖ਼ਮੀ ਪ੍ਰਿੰਸ ਦੀ ਮੌਤ ਹੋ ਚੁੱਕੀ ਹੈ।