Punjabi Dies In America: ਰੱਖੜੀ ਦੇ ਤਿਉਹਾਰ ਮੌਕੇ ਸੜਕ ਹਾਦਸੇ ’ਚ ਹੋਈ ਇਕਲੌਤੇ ਭਰਾ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

Punjabi Dies In America: ਮਾਛੀਵਾੜਾ ਨਾਲ ਸਬੰਧਤ ਸੀ ਵਿਸ਼ਵਦੀਪ ਸਿੰਘ

The only brother died in a road accident a day before Rakhi

 

Punjabi Dies In America: ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਨੂੰ ਰੁਖ਼ ਕਰਦੇ ਹਨ। ਪਰ ਕਈ ਵਾਰ ਵਿਦੇਸ਼ ਰਹਿੰਦੇ ਨੌਜਵਾਨਾਂ ਨਾਲ ਮੰਦਭਾਗੀ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਸਨ ਕਾਰਨ ਵਿਦੇਸ਼ ਤੋਂ ਹਰ ਰੋਜ਼ ਪੰਜਾਬੀਆਂ ਦੀ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਅਮਰੀਕਾ ‘ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 19 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ।

ਅਮਰੀਕਾ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਮਾਛੀਵਾੜਾ ਦੇ ਨੌਜਵਾਨ ਵਿਸ਼ਵਦੀਪ ਸਿੰਘਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਥਾਨਕ ਜੇਐੱਸ ਨਗਰ ਦੇ ਵਾਸੀ ਸਤਨਾਮ ਸਿੰਘ ਜੋ ਕਿ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਹਨ, ਉਨ੍ਹਾਂ ਦਾ ਇਕਲੌਤਾ ਪੁੱਤਰ ਵਿਸ਼ਵਦੀਪ ਸਿੰਘ ਆਪਣੇ ਚੰਗੇ ਭਵਿੱਖ ਲਈ ਕਰੀਬ 2 ਸਾਲ ਪਹਿਲਾਂ ਅਮਰੀਕਾ ਵਿਖੇ ਗਿਆ ਸੀ।

ਵਿਸ਼ਵਦੀਪ ਸਿੰਘ ਅਮਰੀਕਾ ਦੇ ਫਰਜ਼ੀਨੋ ਸ਼ਹਿਰ 'ਚ ਰਹਿੰਦਾ ਸੀ ਤੇ ਉੱਥੇ ਸਟੋਰ ’ਤੇ ਨੌਕਰੀ ਕਰਦਾ ਸੀ। ਅਮਰੀਕਾ 'ਚ ਉਹ ਕਾਰ ’ਤੇ ਜਾ ਰਿਹਾ ਸੀ ਕਿ ਅਚਾਨਕ ਸਾਹਮਣਿਓਂ ਆ ਰਹੀ ਇਕ ਹੋਰ ਕਾਰ ਨਾਲ ਉਸਦੀ ਜ਼ਬਰਦਸਤ ਟੱਕਰ ਹੋ ਗਈ ਤੇ ਇਸ ਹਾਦਸੇ ’ਚ ਵਿਸ਼ਵਦੀਪ ਸਿੰਘ ਦੀ ਜਾਨ ਚਲੀ ਗਈ।

 ਜਦੋਂ ਮਾਪਿਆਂ ਨੂੰ ਉਸ ਦੀ ਮੌਤ ਦੀ ਸੂਚਨਾ ਮਿਲੀ ਤਾਂ ਉਨ੍ਹਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਵਿਸ਼ਵਦੀਪ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਨੌਜਵਾਨ ਦੀ ਮੌਤ ਨਾਲ ਮਾਛੀਵਾੜਾ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਤੇ ਸ਼ਹਿਰ ਵਾਸੀਆਂ ਵਲੋਂ ਮ੍ਰਿਤਕ ਦੇ ਪਿਤਾ ਸਤਨਾਮ ਸਿੰਘ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

ਨੌਜਵਾਨ ਦੀ ਲਾਸ਼ ਨੂੰ ਪੰਜਾਬ ਲਿਆਉਣ ਲਈ ਉੱਥੇ ਰਹਿੰਦੇ ਰਿਸ਼ਤੇਦਾਰਾਂ ਵਲੋਂ ਯਤਨ ਸ਼ੁਰੂ ਕਰ ਦਿੱਤੇ ਹਨ ਜਿਸ ਨੂੰ ਆਉਣ ਲਈ 10 ਦਿਨ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਨੌਜਵਾਨ ਪੁੱਤ ਸੀ। ਉਸ ਦੀ ਵੱਡੀ ਭੈਣ ਕੈਨੇਡਾ ਵਿਖੇ ਰਹਿੰਦੀ ਹੈ ਜਿਸ ਨੂੰ ਰੱਖੜੀ ਤੋਂ ਇਕ ਦਿਨ ਪਹਿਲਾਂ ਆਪਣੇ ਭਰਾ ਦੀ ਮੌਤ ਦਾ ਬੇਹੱਦ ਦੁੱਖਦਈ ਸਮਾਚਾਰ ਮਿਲਿਆ।