ਕੈਨੇਡਾ 'ਚ ਗੋਲੀ ਲੱਗਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਸਤਵਿੰਦਰ ਸਿੰਘ ਦੀ ਇਲਾਜ ਦੌਰਾਨ ਹੋਈ ਮੌਤ

Satwinder Singh

 

ਟੋਰਾਂਟੋ : ਕੈਨੇਡਾ ਦੇ ਓਨਟਾਰੀਓ 'ਚ ਗੋਲੀਬਾਰੀ ਦੀ ਘਟਨਾ 'ਚ ਜ਼ਖਮੀ ਹੋਏ 28 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਓਨਟਾਰੀਓ ਸੂਬੇ ਵਿਚ ਸੋਮਵਾਰ ਨੂੰ ਹੋਈ ਗੋਲੀਬਾਰੀ ਵਿਚ ਦੋ ਹੋਰ ਲੋਕ ਵੀ ਮਾਰੇ ਗਏ ਸਨ। ਹਿਲਟਨ ਰੀਜਨਲ ਪੁਲਿਸ ਸਰਵਿਸ(ਐਚ.ਆਰ.ਪੀ.ਐਸ.) ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਸਤਵਿੰਦਰ ਸਿੰਘ ਦੀ ਹੈਮਿਲਟਨ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਨੇ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ਵਿਚ ਆਖਰੀ ਸਾਹ ਲਿਆ।

ਬਿਆਨ ਮੁਤਾਬਕ ਸਤਵਿੰਦਰ ਸਿੰਘ ਭਾਰਤ ਦਾ ਵਿਦਿਆਰਥੀ ਸੀ ਜੋ ‘ਐਮਕੇ ਆਟੋ ਰਿਪੇਅਰਜ਼’ ਵਿਚ ਪਾਰਟ-ਟਾਈਮ ਕੰਮ ਕਰਦਾ ਸੀ। ਬਿਆਨ ਵਿਚ ਕਿਹਾ ਗਿਆ ਹੈ, "ਐਚਆਰਪੀਐਸ ਸਿੰਘ ਦੇ ਪਰਿਵਾਰ, ਦੋਸਤਾਂ ਅਤੇ ਇਸ ਭਿਆਨਕ ਘਟਨਾ ਤੋਂ ਪ੍ਰਭਾਵਿਤ ਭਾਈਚਾਰੇ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹੈ।" ਟੋਰਾਂਟੋ ਪੁਲਿਸ ਕਾਂਸਟੇਬਲ ਐਂਡਰਿਊ ਹਾਂਗ (48) ਅਤੇ ਐਮਕੇ ਆਟੋ ਰਿਪੇਅਰਜ਼ ਦੇ ਮਾਲਕ ਸ਼ਕੀਲ ਅਸ਼ਰਫ (38) ਦੀ ਵੀ ਸੋਮਵਾਰ ਨੂੰ ਓਨਟਾਰੀਓ ਵਿਚ ਗੋਲੀਬਾਰੀ ਦੌਰਾਨ ਮੌਤ ਹੋ ਗਈ। ਹਮਲਾਵਰ, ਜਿਸ ਦੀ ਪਛਾਣ 40 ਸਾਲਾ ਸੀਨ ਪੈਟਰੀ ਵਜੋਂ ਹੋਈ ਹੈ, ਉਸ ਨੂੰ ਪੁਲਿਸ ਨੇ ਹੈਮਿਲਟਨ ਵਿਚ ਗੋਲੀ ਮਾਰ ਦਿੱਤੀ।

ਸਤਵਿੰਦਰ ਸਿੰਘ ਦੇ ਰਿਸ਼ਤੇਦਾਰ ਦੀ ਭੈਣ ਸਰਬਜੋਤ ਕੌਰ ਨੇ 'ਟੋਰਾਂਟੋ ਸਟਾਰ' ਅਖ਼ਬਾਰ ਨੂੰ ਦੱਸਿਆ ਕਿ ਸ਼ਨੀਵਾਰ ਦੁਪਹਿਰ ਨੂੰ ਸਤਵਿੰਦਰ ਸਿੰਘ ਦੇ ਪਿਤਾ ਨੇ ਹਸਪਤਾਲ 'ਚ ਉਨ੍ਹਾਂ ਦਾ 'ਲਾਈਫ ਸਪੋਰਟ' ਹਟਾਉਣ ਦੀ ਇਜਾਜ਼ਤ ਦਿੱਤੀ ਸੀ। ਕੌਰ ਨੇ ਦੱਸਿਆ ਕਿ ਸਿੰਘ ਦੇ ਪਿਤਾ ਉਸ ਨੂੰ ਆਖਰੀ ਵਾਰ ਗਲੋਬਲ ਮਹਾਂਮਾਰੀ ਤੋਂ ਪਹਿਲਾਂ ਮਿਲੇ ਸਨ। ਉਹ ਦੁਬਈ ਵਿਚ ਡਰਾਈਵਰ ਵਜੋਂ ਕੰਮ ਕਰਦਾ ਹੈ ਅਤੇ ਘਟਨਾ ਤੋਂ ਬਾਅਦ ਕੈਨੇਡਾ ਪਹੁੰਚ ਗਿਆ।  ਇਸ ਦੇ ਨਾਲ ਹੀ 'ਗੋਫੰਡਮੀ' (ਇੱਕ ਫੰਡ ਇਕੱਠਾ ਕਰਨ ਵਾਲਾ ਪਲੇਟਫਾਰਮ) ਨੇ ਸਿੰਘ ਦੇ ਪਰਿਵਾਰ ਨੂੰ ਉਸਦੀ ਲਾਸ਼ ਭਾਰਤ ਲਿਜਾਣ ਵਿਚ ਮਦਦ ਕਰਨ ਲਈ ਐਤਵਾਰ ਤੱਕ $35,000 ਤੋਂ ਵੱਧ ਇਕੱਠੇ ਕੀਤੇ ਸਨ।