ਕੁਵੈਤ 'ਚ ਵਾਪਰੇ ਹਾਦਸੇ ਵਿਚ ਤਿੰਨ ਪੰਜਾਬੀਆਂ ਸਣੇ 7 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਗੁਰਦਾਸਪੁਰ ਦੇ ਦੋਰਾਂਗਲਾ ਦੇ ਜਗਦੀਪ ਸਿੰਘ ਦੀ ਮੌਤ, 2 ਹੋਰ ਮ੍ਰਿਤਕਾਂ ਦੀ ਅਜੇ ਤੱਕ ਨਹੀਂ ਹੋਈ ਪਛਾਣ

Three Punjabi died in Kuwait accident News

Three Punjabi died in Kuwait Accident News: ਕੁਵੈਤ ਤੋਂ ਇਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਇਥੇ ਇਕ ਸੜਕ ਹਾਦਸੇ ਵਿਚ 3 ਪੰਜਾਬੀਆਂ ਸਣੇ 7 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਦਾ ਨੌਜਵਾਨ ਜਗਦੀਪ ਸਿੰਘ ਵੀ ਸ਼ਾਮਲ ਹੈ। ਜਗਦੀਪ ਦੀ ਬੇਵਕਤੀ ਮੌਤ ਸਬੰਧੀ ਸੂਚਨਾ ਮਿਲਦਿਆ ਹੀ ਪਰਿਵਾਰ ਵਿਚ ਮਾਤਮ ਫੈਲ ਗਿਆ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਜਗਦੀਪ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਡੇਢ ਸਾਲ ਪਹਿਲਾਂ ਚੰਗੇ ਭਵਿੱਖ ਲਈ ਵਿਦੇਸ਼ ਗਿਆ ਸੀ।

ਉੱਥੋ ਜਗਦੀਪ ਦੇ ਦੋਸਤਾਂ ਵੱਲੋਂ ਸੂਚਨਾ ਦਿੱਤੀ ਗਈ ਹੈ ਕਿ 9 ਦਸੰਬਰ ਨੂੰ 7 ਨੌਜਵਾਨ ਕੁਵੈਤ ਵਿਖੇ ਆਪਣੇ ਕੰਮ 'ਤੇ ਜਾ ਰਹੇ ਸਨ ਤਾਂ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਮ੍ਰਿਤਕਾਂ ਦੀ ਸ਼ਨਾਖਤ ਨੂੰ ਕਈ ਦਿਨ ਲੱਗ ਗਏ। ਪਤਾ ਲੱਗਾ ਹੈ ਕਿ ਇੰਨਾਂ 7 ਨੌਜਵਾਨਾਂ ਵਿਚੋਂ 2 ਦੀ ਪਹਿਚਾਣ ਪਾਕਿਸਤਾਨੀ ਨੌਜਵਾਨਾਂ ਵਜੋਂ ਹੋਈ ਹੈ ਜਦੋਂ ਕਿ 3 ਪੰਜਾਬ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ ਜਿੰਨਾ ਵਿਚੋਂ ਇੱਕ ਉਸ ਦਾ ਭਰਾ ਜਗਦੀਪ ਹੈ। 2 ਹੋਰ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ।

ਮ੍ਰਿਤਕ ਦੇ ਭਰਾ ਨੇ ਦਸਿਆ ਕਿ ਇਸ ਮੰਦਭਾਗੀ ਖਬਰ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜਗਦੀਪ ਆਪਣੇ ਪਿੱਛੇ ਪਤਨੀ ਅਤੇ ਇੱਕ ਬੱਚਾ ਛੱਡ ਗਿਆ ਹੈ। ਉਸ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਭਰਾ ਦੀ ਦੇਹ ਨੂੰ ਲਿਆਉਣ ਲਈ ਮਦਦ ਕੀਤੀ ਜਾਵੇ।