ਅਮਰੀਕੀ ਸਿੱਖ ਨੂੰ 'ਰੋਜ਼ਾ ਪਾਰਕ ਟ੍ਰੇਲਬਲੇਜ਼ਰ' ਐਵਾਰਡ ਨਾਲ ਕੀਤਾ ਸਨਮਾਨਤ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਸ. ਗੁਰਿੰਦਰ ਸਿੰਘ ਖ਼ਾਲਸਾ ਨੂੰ 'ਰੋਜ਼ਾ ਪਾਰਕ ਟ੍ਰੇਲਬਲੇਜ਼ਰ ਐਵਾਰਡ' ਨਾਲ ਸਨਮਾਨਤ ਕੀਤਾ ਗਿਆ ਹੈ.......

Gurinder Khalsa receives Rosa Parks Trailblazer Award amidst thunder applause

ਵਾਸ਼ਿੰਗਟਨ : ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਸ. ਗੁਰਿੰਦਰ ਸਿੰਘ ਖ਼ਾਲਸਾ ਨੂੰ 'ਰੋਜ਼ਾ ਪਾਰਕ ਟ੍ਰੇਲਬਲੇਜ਼ਰ ਐਵਾਰਡ' ਨਾਲ ਸਨਮਾਨਤ ਕੀਤਾ ਗਿਆ ਹੈ, ਜੋ ਆਪਣੇ-ਆਪ ਵਿਚ ਵੱਡੀ ਪ੍ਰਾਪਤੀ ਹੈ। ਗੁਰਿੰਦਰ ਸਿੰਘ ਖ਼ਾਲਸਾ (45) ਨੂੰ ਉਨ੍ਹਾਂ ਵਲੋਂ ਕੀਤੀਆਂ ਗਈਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਸਨਮਾਨਤ ਕੀਤਾ ਗਿਆ ਹੈ।
ਸਾਲ 2007 ਵਿਚ ਅਮਰੀਕੀ ਜਹਾਜ਼ ਸੁਰੱਖਿਆ ਅਧਿਕਾਰੀਆਂ ਨੇ ਉਨ੍ਹਾਂ ਨੂੰ ਦਸਤਾਰ ਉਤਾਰ ਕੇ ਤਲਾਸ਼ੀ ਦੇਣ ਲਈ ਕਿਹਾ ਸੀ।

ਗੁਰਿੰਦਰ ਸਿੰਘ ਖ਼ਾਲਸਾ ਨੇ ਦਸਤਾਰ ਦੀ ਧਾਰਮਕ ਅਹਿਮੀਅਤ ਨੂੰ ਸਮਝਦਿਆਂ ਦਸਤਾਰ ਨਾ ਉਤਾਰਨ ਦੀ ਗੱਲ ਆਖੀ। ਇਸ ਦੌਰਾਨ ਉਨ੍ਹਾਂ ਦੀ ਅਧਿਕਾਰੀਆਂ ਨਾਲ ਲੰਬੀ ਬਹਿਸ ਵੀ ਹੋਈ ਅਤੇ ਅਖ਼ੀਰ ਸ. ਖ਼ਾਲਸਾ ਨੇ ਜਹਾਜ਼ ਨਾ ਚੜ੍ਹਨ ਦਾ ਫ਼ੈਸਲਾ ਲਿਆ। ਹਵਾਈ ਅੱਡੇ 'ਤੇ ਬਿਨਾਂ ਦਸਤਾਰ ਉਤਾਰੇ ਜਹਾਜ਼ ਵਿਚ ਦਾਖ਼ਲ ਹੋਣ ਵਾਲੀ ਜੰਗ ਦਾ ਬਿਗੁਲ ਇਥੋਂ ਹੀ ਵੱਜਾ ਸੀ। ਉਨ੍ਹਾਂ ਨੂੰ ਦਸਤਾਰ ਦੀ ਸ਼ਾਨ ਲਈ ਲੰਬੇ ਸਮੇਂ ਤਕ ਲੜਾਈ ਕਰਨੀ ਪਈ ਪਰ ਉਹ ਕਦੇ ਝੁਕੇ ਨਹੀਂ।

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਜੇਕਰ ਗੁਰਿੰਦਰ ਸਿੰਘ ਖ਼ਾਲਸਾ ਇਸ ਗੱਲ ਦੇ ਹੱਕ ਵਿਚ 20,000 ਲੋਕਾਂ ਦਾ ਸਮਰਥਨ ਪ੍ਰਾਪਤ ਕਰ ਸਕਦੇ ਹਨ ਤਾਂ ਉਹ ਅਪਣੇ ਨਿਯਮਾਂ ਵਿਚ ਬਦਲਾਅ ਕਰਨਗੇ ਤਾਕਿ ਅੱਗੇ ਤੋਂ ਕਿਸੇ ਦਸਤਾਰਧਾਰੀ ਨੂੰ ਹਵਾਈ ਅੱਡੇ 'ਤੇ ਪ੍ਰੇਸ਼ਾਨੀ ਨਾ ਸਹਿਣ ਕਰਨੀ ਪਵੇ। ਸ. ਖ਼ਾਲਸਾ ਦੀ ਹਮਾਇਤ ਵਿਚ 67,000 ਤੋਂ ਵੀ ਵੱਧ ਲੋਕ ਨਿਤਰੇ ਜਿਸ ਨੂੰ ਦੇਖ ਹਰ ਕੋਈ ਹੈਰਾਨ ਸੀ। ਇਸ ਮਗਰੋਂ ਅਮਰੀਕੀ ਹਵਾਈ ਅੱਡਿਆਂ ਨੂੰ ਨਿਯਮਾਂ ਵਿਚ ਬਦਲਾਅ ਕਰਨਾ ਪਿਆ। ਹੁਣ ਸਿੱਖ ਬਿਨਾਂ ਦਸਤਾਰ ਉਤਾਰੇ ਜਹਾਜ਼ ਵਿਚ ਸਫ਼ਰ ਕਰ ਸਕਦੇ ਹਨ।                (ਪੀ.ਟੀ.ਆਈ)