ਕਰਤਾਰਪੁਰ ਸਾਹਿਬ ਗੁਰੂਘਰ ਦੇ ਚਾਰ ਫ਼ਾਈਬਰ-ਗੁੰਬਦ ਝੱਖੜ ਕਾਰਨ ਟੁੱਟ ਕੇ ਡਿੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

550ਵੇਂ ਪ੍ਰਕਾਸ਼ ਪੂਰਬ ਮੌਕੇ ਬੀਤੇ ਵਰ੍ਹੇ 9 ਨਵੰਬਰ ਨੂੰ ਭਾਰਤੀ ਸ਼ਰਧਾਲੂਆਂ ਲਈ ਖੋਲਿ੍ਹਆ ਗਿਆ ਸੀ

File Photo

ਕਰਤਾਰਪੁਰ ਸਾਹਿਬ, 19 ਅਪ੍ਰੈਲ : ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਦਰਸ਼ਨਾਂ ਲਈ ਪੰਜ ਕੁ ਮਹੀਨੇ ਪਹਿਲਾਂ ਖੋਲ੍ਹੇ ਗਏ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਦੇ ਚਾਰ ਗੁੰਬਦ ਇਥੇ ਸ਼ੁਕਰਵਾਰ ਦੇ ਝੱਖੜ ’ਚ ਟੁੱਟ ਕੇ ਹੇਠਾਂ ਡਿੱਗ ਪਏ। ਇਸ ਤੋਂ ਬਾਅਦ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਦੀ ਵਿਸ਼ਵ-ਪੱਧਰ ’ਤੇ ਆਲੋਚਨਾ ਹੋਣੀ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਹ ਗੁਰੂਘਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਬੀਤੇ ਵਰ੍ਹੇ 9 ਨਵੰਬਰ ਨੂੰ ਭਾਰਤੀ ਸ਼ਰਧਾਲੂਆਂ ਲਈ ਖੋਲਿ੍ਹਆ ਗਿਆ ਸੀ।

ਪਹਿਲਾਂ ਸੱਭ ਇਹੋ ਸਮਝਦੇ ਸਨ ਕਿ ਇਸ ਗੁਰਦੁਆਰਾ ਸਾਹਿਬ ਦੇ ਗੁੰਬਦ ਵੀ ਸੀਮਿੰਟ ਦੇ ਬਣੇ ਹੋਣਗੇ ਪਰ ਸ਼ੁੱਕਰਵਾਰ ਦੇ ਝੱਖੜ ਨੇ ਪਾਕਿਸਤਾਨ ਸਰਕਾਰ ਦੀ ਪੋਲ ਖੋਲ੍ਹ ਕੇ ਰੱਖ ਦਿਤੀ ਹੈ ਕਿਉਂਕਿ ਇਸ ਦੇ ਗੁੰਬਦ ਸੀਮਿੰਟ ਦੇ ਨਹੀਂ ਸਗੋਂ ਫ਼ਾਈਬਰ ਦੇ ਬਣੇ ਹੋਏ ਹਨ। ਦੂਜੇ ਪਾਸੇ ਇਮਰਾਨ ਖ਼ਾਨ ਸਰਕਾਰ ਵਿਚ ਵਿਗਿਆਨ ਤੇ ਤਕਨਾਲੋਜੀ ਮਾਮਲਿਆਂ ਬਾਰੇ ਮੰਤਰੀ ਫ਼ਵਾਦ ਚੌਧਰੀ ਨੇ ਕਿਹਾ ਕਿ ਮਾਮਲੇ ਨੂੰ ਧਾਰਮਕ ਮਾਮਲਿਆਂ ਬਾਰੇ ਮੰਤਰੀ ਨੂਰ ਉਲ ਹੱਕ ਕਾਦਰੀ ਸਾਹਮਣੇ ਉਠਾਇਆ ਗਿਆ ਹੈ। ਇਸ ਘਟਨਾ ਦੀ ਤੁਰਤ ਜਾਂਚ ਕਰਵਾਉਣ ਲਈ ਕਿਹਾ ਗਿਆ ਹੈ।

ਇਨ੍ਹਾਂ ਚਾਰ ਟੁੱਟੇ ਗੁੰਬਦਾਂ ਦੀ ਮੁਰੰਮਤ ਦੀ ਜ਼ਿੰਮੇਵਾਰੀ ਹੁਣ ‘ਫ਼ਰੰਟੀਅਰ ਵਰਕਸ ਆਰਗੇਨਾਇਜ਼ੇਸ਼ਨ’ ਨੂੰ ਸੌਂਪੀ ਗਈ ਹੈ। ਪਤਾ ਲੱਗਾ ਹੈ ਕਿ ਸ਼ਾਮ ਤਕ ਇਹ ਗੁੰਬਦ ਪਹਿਲਾਂ ਵਾਂਗ ਸਥਾਪਤ ਕਰ ਦਿਤੇ ਗਏ ਹਨ। ਵਰਨਣਯੋਗ ਹੈ ਕਿ ਇਸ ਵੇਲੇ ਕਰਤਾਰਪੁਰ ਸਾਹਿਬ ਲਾਂਘਾ ਆਮ ਸ਼ਰਧਾਲੂਆਂ ਤੇ ਸੈਲਾਨੀਆਂ ਲਈ ਸਿਰਫ਼ ਕੋਰੋਨਾ ਵਾਇਰਸ ਦੀ ਲਾਗ ਫੈਲੇ ਹੋਣ ਕਾਰਨ ਕੁੱਝ ਸਮੇਂ ਲਈ ਬੰਦ ਕੀਤਾ ਹੋਇਆ ਹੈ।

ਮਹਾਂਮਾਰੀ ਦੇ ਹਾਲਾਤ ਸੁਖਾਵੇਂ ਹੋਣ ਤੋਂ ਬਾਅਦ ਇਹ ਲਾਂਘਾ ਤੇ ਗੁਰੂਘਰ ਮੁੜ ਖੋਲ੍ਹ ਦਿਤੇ ਜਾਣਗੇ। ਦੂਜੇ ਪਾਸੇ ਜਿਵੇਂ ਹੀ ਸਿੱਖ ਸੰਗਤਾਂ ਨੂੰ ਇਨ੍ਹਾਂ ਗੁੰਬਦਾਂ ਦੇ ਡਿੱਗਣ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਅੰਦਰ ਰੋਸ ਫੈਲ ਗਿਆ। ਵੱਖ ਵੱਖ ਸਿੱਖ ਜਥੇਬੰਦੀਆਂ ਤੇ ਸੰਗਠਨਾਂ ਨੇ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। (ਏਜੰਸੀ)