Italy News: ਇਟਲੀ ’ਚ ਗੋਰੇ ਮਾਲਕ ਦੇ ਤਸ਼ੱਦਦ ਦੇ ਸ਼ਿਕਾਰ 31 ਸਾਲਾ ਪੰਜਾਬੀ ਨੌਜਵਾਨ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਇਹ ਪੰਜਾਬੀ ਇੱਕ ਫ਼ਾਰਮਹਾਊਸ ’ਤੇ ਇਟਾਲੀਅਨ ਗੋਰੇ ਕੋਲ ਕੰਮ ਕਰਦਾ ਸੀ।

Satnam Singh

Italy News:  ਮਿਲਾਨ (ਇਟਲੀ) (ਦਲਜੀਤ ਮੱਕੜ): ਇਟਲੀ ਦੀ ਲਾਤੀਨਾ ਸਟੇਟ ’ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇਤਾਲਵੀ ਮਾਲਕ ਵਲੋਂ ਇਕ ਪੰਜਾਬੀ ਜੋੜੇ ਨਾਲ ਜਾਨਵਰਾਂ ਤੋਂ ਵੀ ਬਦਤਰ ਦੁਰਵਿਹਾਰ ਕੀਤਾ ਗਿਆ ਹੈ। ਇਸ ਮੰਦਭਾਗੀ ਘਟਨਾ ਵਿੱਚ 31 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਜੰਮਪਲ ਦਸਿਆ ਜਾਂਦਾ ਹੈ।

ਵਰਨਣਯੋਗ ਹੈ ਕਿ ਇਹ ਪੰਜਾਬੀ ਜੋੜਾ ਇੱਕ ਫ਼ਾਰਮਹਾਊਸ ’ਤੇ ਇਟਾਲੀਅਨ ਗੋਰੇ ਕੋਲ ਕੰਮ ਕਰਦਾ ਸੀ। ਉਥੇ ਕੰਮ ਕਰਦੇ ਸਮੇਂ ਪੰਜਾਬੀ ਵਿਅਕਤੀ ਦੀ ਬਾਂਹ ਇਕ ਮਸ਼ੀਨ ਵਿੱਚ ਆ ਕੇ ਕੱਟੀ ਗਈ ਤੇ ਮਾਲਕ ਐਬੂਲੈਂਸ ਨੂੰ ਫੋਨ ਕਰਨ ਦੀ ਬਜਾਏ ਇਸ ਜੋੜੀ ਨੂੰ ਜ਼ਖ਼ਮੀ ਹਾਲਤ ’ਚ ਆਪਣੀ ਕਾਰ ਵਿਚ ਪਾਕੇ ਉਨਾਂ ਦੇ ਘਰ ਦੇ ਦਰਵਾਜ਼ੇ ਅਗੇ ਸੁੱਟ ਕੇ ਭੱਜ ਗਿਆ।

ਬਾਅਦ ਵਿਚ ਜ਼ਖ਼ਮੀ ਵਿਅਕਤੀ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਪੁਲਿਸ ਅਤੇ ਐਂਬੂਲੈਂਸ ਨੂੰ ਫ਼ੋਨ ਕਰ ਕੇ ਹੈਲੀਕਾਪਟਰ ਰਾਹੀਂ ਰੋਮ ਦੇ ਹਸਪਤਾਲ ਲਿਜਾਇਆ  ਗਿਆ,  ਪਰ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਸਤਨਾਮ ਸਿੰਘ ਦੀ ਮੌਤ ਹੋ ਗਈ। ਪੁਲਿਸ ਪ੍ਰਸ਼ਾਸ਼ਨ ਵਲੋਂ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀਆਂ ਸੰਸਥਾਵਾਂ ਵਲੋਂ ਇਸ ਘਟਨਾ ਦੀ ਨਿਖੇਧੀ ਕਰਦਿਆਂ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਆਰੰਭ ਕਰ ਦਿੱਤਾ ਗਿਆ ਹੈ।

ਇਸ ਸਬੰਧੀ 25 ਜੂਨ ਨੂੰ ਲਾਤੀਨਾ ਦੇ ਪ੍ਰਫੇਤੂਰੇ ਸਾਹਮਣੇ ਰੋਸ ਮੁਜ਼ਾਹਰਾ ਵੀ ਰਖਿਆ ਗਿਆ ਹੈ, ਤਾਂ ਜੋ ਅੱਗੇ ਤੋਂ ਅਜਿਹੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ। ਇੰਡੀਅਨ ਕਮਿਊਨਿਟੀ ਲਾਸੀਓ ਦੇ ਮੁਖੀ ਗੁਰਮੁਖ ਸਿੰਘ ਹਜ਼ਾਰਾ ਨੇ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਸਤਨਾਮ ਸਿੰਘ ਦਾ ਪਿਛੋਕੜ ਮੋਗਾ ਜ਼ਿਲ੍ਹੇ ਨਾਲ ਹੈ ਤੇ ਉਹ ਬਿਨਾ ਅਧਿਕਾਰਤ ਦਸਤਾਵੇਜ਼ਾਂ ਤੋਂ ਹੈ। ਦਸਣਯੋਗ ਹੈ ਕਿ ਇਸ ਇਲਾਕੇ ਵਿਚ ਪਹਿਲਾਂ ਵੀ ਬਹੁਤ ਸਾਰੇ ਮਾਲਕਾਂ ਵਲੋਂ ਖੇਤ ਮਜ਼ਦੂਰਾਂ ਦਾ ਰੱਜ ਕੇ ਸ਼ੋਸ਼ਣ ਕੀਤਾ ਜਾਂਦਾ ਰਿਹਾ ਹੈ।