ਵੈਸਟ ਮਿਡਲੈਂਡ ਪੁਲਿਸ ਅਤੇ ਬਰਤਾਨਵੀ ਸਿੱਖ ਭਾਈਚਾਰੇ ਵਿਚਕਾਰ ਪੰਗਾ ਵਧਿਆ, ਪੁਲਿਸ ਦਾ ਸਮਾਨ ਚੁਕਵਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸਿੱਖ ਭਾਈਚਾਰੇ ਦੇ ਵੱਡੇ ਹਿੱਸੇ ਨੇ ਗੁਰਦੁਆਰਾ ਸਾਹਿਬਾਨ ਵਿਚ ਪੁਲਿਸ ਦੇ ਨੁਮਾਇੰਦਿਆਂ ਨੂੰ ਜੀ ਆਇਆਂ ਨੂੰ ਨਾ ਕਹਿਣ ਦਾ ਫੈਸਲਾ ਕੀਤਾ ਹੈ।

Guru Nanak Gurdwara in Caldmore, Walsall

ਇੰਗਲੈਂਡ ( ਭਾਸ਼ਾ ) : ਬਰਤਾਨੀਆ ਦੀ ਵੈਸਟ ਮਿਡਲੈਂਡ ਪੁਲਿਸ ਅਤੇ ਇੰਗਲੈਂਡ ਦੇ ਸਿੱਖ ਭਾਈਚਾਰੇ ਵਿਚ ਕੁੜੱਤਣ ਬਹੁਤ ਵਧ ਗਈ ਹੈ। ਬਰਤਾਨਵੀ ਸਿੱਖ ਵੈਸਟ ਮਿਡਲੈਂਡ ਪੁਲਿਸ ਤੋਂ ਇਸ ਗੱਲ ਤੋਂ ਖਫਾ ਹਨ ਕਿ ਇਹ ਪੁਲਿਸ ਕਥਿਤ ਤੌਰ ਤੇ ਭਾਰਤ ਸਰਕਾਰ ਦੇ ਕਹਿਣ ਤੇ ਬਰਤਾਨੀਆ 'ਚ ਰਹਿੰਦੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸੇ ਦੌਰਾਨ ਸਿੱਖ ਭਾਈਚਾਰੇ ਦੇ ਵੱਡੇ ਹਿੱਸੇ ਨੇ ਗੁਰਦੁਆਰਾ ਸਾਹਿਬਾਨ ਵਿਚ ਪੁਲਿਸ ਦੇ ਨੁਮਾਇੰਦਿਆਂ ਨੂੰ ਜੀ ਆਇਆਂ ਨੂੰ ਨਾ ਕਹਿਣ ਦਾ ਫੈਸਲਾ ਕੀਤਾ ਹੈ। ਭਾਵੇਂ ਕਿ ਨਿੱਜੀ ਹੈਸੀਅਤ ਵਿਚ ਹਰ ਕੋਈ ਗੁਰਦੁਆਰਾ ਸਾਹਿਬ ਵਿਚ ਆ ਸਕਦਾ ਹੈ

ਪਰ ਹੁਣ ਵੈਸਟ ਮਿਡਲੈਂਡ ਪੁਲਿਸ ਦੇ ਨੁਮਾਇੰਦੇ ਦੇ ਤੌਰ 'ਤੇ ਗੁਰਦੁਆਰਾ ਸਾਹਿਬ ਵਿਚ ਸਰਗਰਮੀ ਕਰਨ ਵਾਲਿਆਂ ਨੂੰ ਬਾਹਰ ਦਾ ਰਾਹ ਵਿਖਾਇਆ ਜਾ ਰਿਹਾ ਹੈ। ਬੰਦੀ ਛੋੜ ਦਿਹਾੜੇ ਮੌਕੇ ਕੈਲਡਮੋਰ (ਵਾਲਸਾਲ) ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਵੈਸਟ ਮਿਡਲੈਂਡ ਪੁਲਿਸ ਵੱਲੋਂ ਮੇਜ ਲਾਇਆ ਗਿਆ ਸੀ ਤੇ ਕਿਹਾ ਜਾ ਰਿਹਾ ਸੀ ਕਿ ਇਸ ਦਾ ਉਦੇਸ਼ ਸਿੱਖਾਂ ਨਾਲ ਰਾਬਤਾ ਕਾਇਮ ਕਰ ਕੇ ਉਨ੍ਹਾਂ ਨੂੰ ਪੁਲਿਸ ਵਿਚ ਭਰਤੀ ਹੋਣ ਬਾਰੇ ਜਾਣਕਾਰੀ ਦੇਣਾ ਸੀੇ। ਪਰ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਸਿੱਖ ਨੌਜਵਾਨਾਂ ਨੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਤੁਹਾਡਾ ਅਸਲ ਮਕਸਦ ਭਾਰਤ ਸਰਕਾਰ ਲਈ ਸਿੱਖਾਂ ਦੀ ਜਸੂਸੀ ਕਰਨਾ ਹੈ

ਇਸ ਲਈ ਤੁਸੀਂ ਇਹ ਕਾਰਵਾਈ ਇੱਥੇ ਨਹੀਂ ਕਰ ਸਕਦੇ। ਦੱਸਿਆ ਜਾਂਦਾ ਹੈ ਕਿ ਇਸ ਮੌਕੇ ਪੁਲਿਸ ਵਾਲਿਆਂ 'ਤੇ ਸਿੱਖ ਨੌਜਵਾਨਾਂ ਵਿਚ ਬਹੁਤ ਬਹਿਸ ਹੋਈ ਤੇ ਅਖੀਰ ਪੁਲਿਸ ਵਾਲਿਆਂ ਨੂੰ ਆਪਣਾ ਮੇਜ ਤੇ ਸਮਾਨ ਚੁੱਕਣਾ ਪਿਆ। ਭਾਵੇਂ ਕਿ ਵੈਸਟ ਮਿਡਲੈਂਡ ਪੁਲਿਸ ਦੇ ਅਫਸਰ ਇਹ ਮੰਨਦੇ ਹਨ ਕਿ ਉਨ੍ਹਾਂ ਨੂੰ ਉਸ ਦਿਨ ਵਿਰੋਧ ਦਾ ਸਾਹਮਣਾ ਕਰਨ ਪਿਆ ਸੀ ਤੇ ਆਪਣੀ ਕਾਰਵਾਈ ਸਮੇਟਦਿਆਂ ਮੇਜ ਵੀ ਚੁੱਕਣਾ ਪਿਆ ਸੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੁਮਾਇੰਦਿਆਂ ਦੇ ਗੁਰਦੁਆਰਾ ਸਾਹਿਬਾਨ ਵਿਚ ਵਿਚਰਨ 'ਤੇ ਕੋਈ ਪਾਬੰਦੀ ਨਹੀਂ ਹੈ।

ਦੂਜੇ ਪਾਸੇ ਸਿੱਖ ਜਥੇਬੰਦੀ ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਕਹਿਣਾ ਹੈ ਕਿ ਪੁਲਿਸ ਵਾਲੇ ਜਾਣਬੁੱਝ ਕੇ ਮਾਮਲੇ ਨੂੰ ਟਰਕਾਉਂਣ ਦੀ ਕੋਸ਼ਿਸ਼ ਕਰ ਰਹੇ ਹਨ। ਟਵਿਟਰ 'ਤੇ ਲਿਖਦਿਆਂ ਜਥੇਬੰਦੀ ਨੇ ਕਿਹਾ ਹੈ ਕਿ ਪੁਲਿਸ ਵਾਲੇ ਭਾਰਤ ਸਰਕਾਰ ਦੇ ਕਹਿਣ ਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਇਸ ਲਈ ਉਨ੍ਹਾਂ ਦੇ ਗੁਰਦੁਆਰਾ ਸਾਹਿਬ ਵਿਚ ਦਾਖਲੇ 'ਤੇ ਰੋਕ ਲਗਾ ਦਿਤੀ ਗਈ ਹੈ। ਸਿੱਖ ਜਥੇਬੰਦੀਆਂ ਦਾ ਮੰਨਣਾ ਹੈ ਕਿ ਵੈਸਟ ਮਿਡਲੈਂਡ ਪੁਲਿਸ ਦੇ ‘ਦਹਿਸ਼ਤ ਵਿਰੋਧੀ ਦਸਤੇ’ ਵੱਲੋਂ ਬੀਤੇ ਦਿਨੀਂ ਕੁਝ ਸਿੱਖਾਂ ਦੇ ਘਰਾਂ 'ਤੇ ਕੀਤੀ ਗਈ ਛਾਪੇਮਾਰੀ ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਦੇ ਕਹਿਣ 'ਤੇ ਕੀਤੀ ਗਈ ਸੀ।

ਭਾਵੇਂ ਵੈਸਟ ਮਿਡਲੈਂਡ ਪੁਲਿਸ ਇਸ ਤੋਂ ਮੁੱਕਰਦੀ ਆ ਰਹੀ ਸੀ ਪਰ ਪੰਜਾਬ ਪੁਲਿਸ ਦੇ ਅਫਸਰਾਂ ਨੇ ਇਸ ਬਾਰੇ ਭਾਰਤੀ ਅਖਬਾਰਾਂ ਵਿੱਚ ਦਾਅਵੇ ਕਰਕੇ ਕਿ ਇਹ ਛਾਪੇਮਾਰੀ ਉਨ੍ਹਾਂ ਵੱਲੋਂ ਜਗਤਾਰ ਸਿੰਘ ਜੱਗੀ ਕੋਲੋਂ ਹਾਸਲ ਕੀਤੀ ਗਈ ਜਾਣਕਾਰੀ ਦੇ ਅਧਾਰ 'ਤੇ ਕੀਤੀ ਗਈ ਹੈ, ਵੈਸਟ ਮਿਡਲੈਂਡ ਪੁਲਿਸ ਦੀ ਹਾਲਤ ਪਤਲੀ ਕਰ ਦਿੱਤੀ ਕਿਉਂਕਿ ਇਹ ਤੱਥ ਬਹੁਤ ਪਹਿਲਾਂ ਹੀ ਸਾਹਮਣੇ ਆ ਚੁੱਕੇ ਸਨ ਕਿ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ 'ਤੇ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਤਸ਼ੱਦਦ ਕੀਤਾ ਗਿਆ ਸੀ।

ਇਹ ਮਾਮਲਾ ਬੀਤੇ ਦਿਨੀਂ ਸਿੱਖ ਜਥੇਬੰਦੀਆਂ ਵੱਲੋਂ ਬਰਤਾਨਵੀ ਸਿਆਸਤਦਾਨਾਂ ਨਾਲ ਕੀਤੀ ਗਈ ਮਿਲਣੀ (ਲਾਬੀ) ਮੌਕੇ ਵੀ ਵਿਚਾਰਿਆ ਗਿਆ ਸੀ। ਇਸ ਵੇਲੇ ਵੈਸਟ ਮਿਡਲੈਂਡ ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ ਵਿਚ ਚੱਲ ਰਹੀ ਹੈ ਜਿਸ ਕਾਰਨ ਸਿੱਖ ਭਾਈਚਾਰੇ ਵਿਚ ਇਸ ਪੁਲਿਸ ਪ੍ਰਤੀ ਰੋਸ ਤੇ ਰੋਹ ਵਧ ਰਿਹਾ ਹੈ।