ਧਾਲੀਵਾਲ ਦੇ ਸਨਮਾਨ ਵਿਚ ਹਿਊਸਟਨ ਪੁਲਿਸ ਨੇ ਡਰੈੱਸ ਕੋਡ ਨੀਤੀ ਬਦਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਧਾਰਮਕ ਚਿੰਨ੍ਹਾਂ ਨੂੰ ਧਾਰਨ ਕਰਨ ਦਾ ਮੌਕਾ ਮਿਲ ਸਕੇ, ਹਿਊਸਟਨ ਦੇ ਮੇਅਰ ਨੇ ਕਿਹਾ, ਐਚ.ਪੀ.ਡੀ. ਦੇ ਐਲਾਨ 'ਤੇ ਮਾਣ ਹੈ

Sandeep singh Dhaliwal

ਹਿਊਸਟਨ (ਅਮਰੀਕਾ): ਅਮਰੀਕਾ ਵਿਚ ਅਪਣੀ ਡਿਊਟੀ ਨਿਭਾਉਂਦੇ ਹੋਏ ਮਾਰੇ ਗਏ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ ਵਿਚ ਹਿਊਸਟਨ ਪੁਲਿਸ ਵਿਭਾਗ ਨੇ ਅਪਣੀ ਡਰੈੱਸ ਕੋਡ ਨੀਤੀ ਵਿਚ ਤਬਦੀਲੀ ਕੀਤੀ ਹੈ ਤਾਂ ਜੋ ਡਿਊਟੀ ਦੌਰਾਨ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਉਨ੍ਹਾਂ ਦੇ ਧਾਰਮਕ ਚਿੰਨ੍ਹਾਂ ਨੂੰ ਧਾਰਨ ਕਰਨ ਦਾ ਮੌਕਾ ਮਿਲ ਸਕੇ।

28 ਸਤੰਬਰ ਨੂੰ ਹੈਰਿਸ ਕਾਊਂਟੀ ਸ਼ੈਰਿਫ਼ ਦੇ ਦਫ਼ਤਰ ਵਿਚ ਦਸ ਸਾਲ ਸੇਵਾ ਨਿਭਾ ਚੁਕੇ ਸੰਦੀਪ ਸਿੰਘ ਧਾਲੀਵਾਲ ਤੇ ਪਹਿਲੇ ਸਿੱਖ ਡਿਪਟੀ ਨੂੰ ਹਿਊਸਟਨ ਦੇ ਉੱਤਰ-ਪੱਛਮ ਵਿਚ ਇਕ ਮਿਡ-ਡੇਅ ਟ੍ਰੈਫ਼ਿਕ ਸਟਾਪ ਦੌਰਾਨ ਗੋਲੀ ਮਾਰ ਦਿਤੀ ਗਈ ਸੀ। ਦਸਤਾਰਧਾਰੀ 42 ਸਾਲਾ ਪੁਲਿਸ ਅਧਿਕਾਰੀ ਉਸ ਵੇਲੇ ਸੁਰਖ਼ੀਆਂ ਵਿਚ ਆਏ ਜਦੋਂ ਉਨ੍ਹਾਂ ਨੂੰ ਦਾੜ੍ਹੀ ਰੱਖਣ ਤੇ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਆਗਿਆ ਦਿਤੀ ਗਈ ਸੀ।

ਇਸ ਦੌਰਾਨ ਸਿਟੀ ਆਫ਼ ਹਿਊਸਟਨ ਨੇ ਟਵੀਟ ਕੀਤਾ ਕਿ ਹਿਊਸਟਨ ਪੁਲਿਸ ਹੁਣ ਟੀ.ਐਕਸ. ਦੀ ਸੱਭ ਤੋਂ ਵੱਡੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਹੈ, ਜੋ ਇਹ ਨੀਤੀ ਅਪਣਾ ਕੇ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਉਨ੍ਹਾਂ ਦੇ ਧਰਮ ਨਾਲ ਸਬੰਧਤ ਚਿੰਨ੍ਹਾਂ ਨੂੰ ਧਾਰਨ ਕਰਨ ਦੀ ਆਗਿਆ ਦਿੰਦੀ ਹੈ। ਹਿਊਸਟਨ ਦੇ ਮੇਅਰ ਸਿਲਵੇਸਟਰ ਟਰਨਰ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਐਚ.ਪੀ.ਡੀ. ਦੇ ਐਲਾਨ 'ਤੇ ਮਾਣ ਹੈ।

ਸਿੱਖ ਅਫ਼ਸਰਾਂ ਨੂੰ ਡਿਊਟੀ ਦੌਰਾਨ ਉਨ੍ਹਾਂ ਦੇ ਧਾਰਮਕ ਚਿੰਨ੍ਹ ਧਾਰਨ ਕਰਨ ਦੀ ਆਗਿਆ ਦੇਣ ਨਾਲ ਹਿਊਸਟਨ ਅਜਿਹਾ ਕਰਨ ਵਾਲੇ ਦੇਸ਼ ਦੇ ਸੱਭ ਤੋਂ ਵੱਡੇ ਪੁਲਿਸ ਵਿਭਾਗਾਂ ਵਿਚੋਂ ਇਕ ਬਣ ਗਿਆ ਹੈ। ਡਿਪਟੀ ਧਾਲੀਵਾਲ ਨੇ ਸਾਨੂੰ ਇਕ ਮਹੱਤਵਪੂਰਣ ਸਬਕ ਸਿਖਾਇਆ। ਉਨ੍ਹਾਂ ਬਾਰੇ ਜਾਣਿਆ ਜਾਣਾ ਮਾਣ ਵਾਲੀ ਗੱਲ ਹੈ।