Canada News: ਬ੍ਰਿਟਿਸ਼ ਕੋਲੰਬੀਆ ਸਰਕਾਰ 'ਚ ਚਾਰ ਪੰਜਾਬੀ ਬਣੇ ਮੰਤਰੀ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

Canada News: ਰਵੀ ਕਾਹਲੋਂ ਨੂੰ ਮੁੜ ਹਾਊਸਿੰਗ ਮੰਤਰੀ ਬਣਾਇਆ

Four Punjabis became ministers in British Columbia government

 

Canada News:   ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਆਪਣੀ ਨਵੀਂ ਕੈਬਨਿਟ ਦਾ ਐਲਾਨ ਕਰ ਦਿਤਾ ਗਿਆ ਹੈ ਅਤੇ ਚਾਰ ਪੰਜਾਬੀਆਂ ਨੂੰ ਮੰਤਰੀ ਮੰਡਲ ਵਿਚ ਜਗ੍ਹਾ ਮਿਲੀ ਹੈ। ਨਿੱਕੀ ਸ਼ਰਮਾ ਬੀ.ਸੀ. ਦੇ ਡਿਪਟੀ ਪ੍ਰੀਮੀਅਰ ਹੋਣਗੇ ਅਤੇ ਅਟਾਰਨੀ ਜਨਰਲ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਕੋਲ ਹੀ ਹੋਵੇਗੀ। ਰਵੀ ਕਾਹਲੋਂ ਹਾਊਸਿੰਗ ਅਤੇ ਮਿਊਂਸਪਲ ਮਾਮਲਿਆਂ ਬਾਰੇ ਮੰਤਰੀ ਬਣਾਏ ਗਏ ਹਨ ਜਦਕਿ ਜਗਰੂਪ ਬਰਾੜ ਮਾਇਨਿੰਗ ਅਤੇ ਕ੍ਰਿਟੀਕਲ ਮਿਨਰਲਜ਼ ਮੰਤਰੀ ਹੋਣਗੇ।

ਨਿੱਕੀ ਸ਼ਰਮਾ ਨੂੰ ਪ੍ਰੀਮੀਅਰ ਦੀ ਜ਼ਿੰਮੇਵਾਰੀ ਵੀ ਮਿਲੀ

ਰਵੀ ਪਰਵਾਰ ਨੂੰ ਸੂਬੇ ਦਾ ਜੰਗਲਾਤ ਮੰਤਰੀ ਬਣਾਇਆ ਗਿਆ ਹੈ ਅਤੇ ਰਾਜ ਚੌਹਾਨ ਨੂੰ ਸਪੀਕਰ ਦਾ ਅਹੁਦਾ ਮਿਲਣਾ ਤੈਅ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਸਿਹਤ ਖੇਤਰ ਵਿਚ ਤਸੱਲੀਬਖ਼ਸ਼ ਕਾਰਗੁਜ਼ਾਰੀ ਨਾ ਦਿਖਾਉਣ ਕਾਰਨ ਸਿਹਤ ਮੰਤਰਾਲੇ ਵਿਚੋਂ ਐਡ੍ਰੀਅਨ ਡਿਕਸ ਦੀ ਛੁੱਟੀ ਕਰ ਦਿਤੀ ਅਤੇ ਜੋਜ਼ੀ ਔਸਬੌਰਨ ਨੂੰ ਸਿਹਤ ਮੰਤਰੀ ਦੀ ਜ਼ਿੰਮਵੇਾਰੀ ਦਿਤੀ ਗਈ ਹੈ। ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਪਰਵਾਰਾਂ ਦਾ ਖਰਚਾ ਘਟਾਉਣ, ਸਿਹਤ ਸੰਭਾਲ ਖੇਤਰ ਨੂੰ ਵਧੇਰੇ ਮਜ਼ਬੂਤ ਬਣਾਉਣ ਅਤੇ ਕਮਿਊਨਿਟੀਜ਼ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਦੇ ਮਕਸਦ ਤਹਿਤ ਨਵੇਂ ਮੰਤਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀ.ਸੀ. ਦੇ ਪੇਂਡੂ ਖੇਤਰਾਂ ਵਿਚ ਹਸਪਤਾਲ ਬੰਦ ਹੋਣ ਅਤੇ ਪੂਰੇ ਸੂਬੇ ਵਿਚ ਉਡੀਕ ਸਮਾਂ ਵਧਣ ਕਾਰਨ ਐਡ੍ਰੀਅਨ ਡਿਕਸ ਨੂੰ ਸਿਹਤ ਮਹਿਕਮੇ ਵਿਚੋਂ ਹਟਾਇਆ ਗਿਆ।

ਰਵੀ ਕਾਹਲੋਂ ਨੂੰ ਮੁੜ ਹਾਊਸਿੰਗ ਮੰਤਰੀ ਬਣਾਇਆ

ਸਰੀ ਗਿਲਫਰਡ ਸੀਟ ਤੋਂ ਸਿਰਫ 22 ਵੋਟਾਂ ਨਾਲ ਜਿੱਤ ਹਾਸਲ ਕਰਨ ਵਾਲੇ ਗੈਰੀ ਬੈੱਗ ਨੂੰ ਲੋਕ ਸੁਰੱਖਿਆ ਮੰਤਰੀ ਬਣਾਇਆ ਗਿਆ ਹੈ। ਸਿਆਸਤ ਵਿਚ ਆਉਣ ਤੋਂ ਪਹਿਲਾਂ ਉਹ ਸਰੀ ਵਿਖੇ ਆਰ.ਸੀ.ਐਮ.ਪੀ. ਅਫ਼ਸਰ ਰਹਿ ਚੁੱਕੇ ਹਨ। ਇਥੇ ਦਸਣਾ ਬਣਦਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬੀ ਮੂਲ ਦੇ 27 ਉਮੀਦਵਾਰ ਮੈਦਾਨ ਵਿਚ ਨਿਤਰੇ ਅਤੇ 14 ਨੇ ਜਿੱਤ ਦਰਜ ਕੀਤੀ। ਪੰਜਾਬੀ ਉਮੀਦਵਾਰਾਂ ਵਿਚੋਂ ਸਭ ਤੋਂ ਲੰਮਾ ਤਜਰਬਰਾ ਜਗਰੂਪ ਬਰਾੜ ਕੋਲ ਹੈ ਜੋ ਸਰੀ-ਫਲੀਟਵੁੱਡ ਹਲਕੇ ਤੋਂ ਸੱਤਵੀਂ ਵਾਰ ਚੋਣ ਲੜ ਰਹੇ ਹਨ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਜਗਰੂਪ ਬਰਾੜ ਸਿਰਫ 2013 ਵਿਚ ਚੋਣ ਹਾਰੇ। ਭਾਰਤ ਦੀ ਬਾਸਕਟਬਾਲ ਟੀਮ ਦਾ ਹਿੱਸਾ ਰਹੇ ਜਗਰੂਪ ਬਰਾੜ ਉਚੇਰੀ ਸਿੱਖਿਆ ਲਈ ਕੈਨੇਡਾ ਆਏ ਅਤੇ ਇਥੇ ਹੀ ਵਸ ਗਏ। ਉਹ 2004 ਤੋਂ ਸਿਆਸਤ ਵਿਚ ਹਨ ਅਤੇ ਉਸੇ ਸਾਲ ਪਹਿਲੀ ਵਾਰ ਐਮ.ਐਲ.ਏ. ਵੀ ਚੁਣੇ ਗਏ ਸਨ। 

ਜਗਰੂਪ ਬਰਾੜ ਕੋਲ ਮਾਇਨਿੰਗ ਅਤੇ ਕ੍ਰਿਟੀਕਲ ਮਿਨਰਲਜ਼ ਮੰਤਰਾਲਾ

ਡੈਲਟਾ ਸੀਟ ਤੋਂ ਐਨ.ਡੀ.ਪੀ. ਦੇ ਵਿਧਾਨਿਕ ਕਾਹਲੋਂ ਸਾਲ 2000 ਦੀਆਂ ਸਿਡਨੀ ਓਲੰਪਿਕਸ ਅਤੇ 2008 ਦੀਆਂ ਬੀਜਿੰਗ ਓਲੰਪਿਕਸ ਵਿਚ ਬਤੌਰ ਹਾਕੀ ਖਿਡਾਰੀ ਕੈਨੇਡਾ ਦੀ ਨੁਮਾਇੰਦਗੀ ਕਰ ਚੁੱਕੇ ਹਨ। ਸੂਬਾ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਵੀ ਸਿਆਸਤ ਵਿਚ ਲੰਮਾ ਤਜਰਬਾ ਰਖਦੇ ਹਨ ਜੋ 2005 ਵਿਚ ਪਹਿਲੀ ਵਾਰ ਵਿਧਾਇਕ ਚੁਣੇ ਗਏ ਅਤੇ ਇਸ ਮਗਰੋਂ 2009, 2013, 2017 ਅਤੇ 2020 ਵਿਚ ਮੁੜ ਜਿੱਤ ਹਾਸਲ ਕੀਤੀ। ਬਰਨਬੀ-ਐਡਮੰਡਜ਼ ਹਲਕੇ ਤੋਂ ਐਨ.ਡੀ.ਪੀ. ਦੇ ਉਮੀਦਵਾਰ ਰਾਜ ਚੌਹਾਨ 2013 ਤੋਂ 2017 ਦਰਮਿਆਨਅ ਸਹਾਇਕ ਡਿਪਟੀ ਸਪੀਕਰ ਰਹੇ ਅਤੇ 2017 ਤੋਂ 2020 ਦਰਮਿਆਨ ਡਿਪਟੀ ਸਪੀਕਰ ਦੀਆਂ ਸੇਵਾਵਾਂ ਨਿਭਾਈਆਂ। ਵਿਰੋਧੀ ਧਿਰ ਵਿਚ ਹੁੰਦਿਆਂ ਉਨ੍ਹਾਂ ਨੇ ਇੰਮੀਗ੍ਰੇਸ਼ਨ, ਮੈਂਟਲ ਹੈਲਥ ਅਤੇ ਕਿਰਤ ਮਾਮਲਿਆਂ ਦੇ ਆਲੋਚਕ ਦਾ ਫਰਜ਼ ਅਦਾ ਕੀਤਾ। ਦੱਸ ਦੇਈਏ ਕਿ 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਅੱਠ ਪੰਜਾਬੀ ਜੇਤੂ ਰਹੇ ਸਨ ਜਿਨ੍ਹਾਂ ਵਿਚੋਂ ਸੱਤ ਦੁਬਾਰਾ ਚੋਣ ਲੜ ਰਹੇ ਹਨ। 2005 ਤੋਂ ਐਨ.ਡੀ.ਪੀ. ਦੇ ਵਿਧਾਇਕ ਰਹੇ ਹੈਰੀ ਬੈਂਸ ਸਿਆਸਤ ਤੋਂ ਸੰਨਿਆਸ ਲੈ ਚੁੱਕੇ ਹਨ।