Australia News: ਵਿਕਟੋਰੀਅਨ ਕੌਂਸਲ ਚੌਣਾਂ ਵਿੱਚ ਪੰਜਾਬਣ ਤਲਵਿੰਦਰ ਕੌਰ ਨੇ ਮਾਰੀ ਬਾਜ਼ੀ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

Australia News: ਮੋਗਾ ਦੇ ਪਿੰਡ ਕੋਕਰੀ ਕਲਾਂ ਦੀ ਜੰਮਪਲ ਹੈ ਤਲਵਿੰਦਰ

Punjaban Talwinder Kaur fought in the Victorian council elections

 

Australia News: ਵਿਕਟੋਰੀਆ ਚ’ ਹੋਈਆਂ ਕੌਂਸਲ ਚੋਣਾਂ ਵਿੱਚ ਭਾਵੇਂ ਇਸ ਵਾਰ ਘੁੱਗ ਵੱਸਦੇ ਤੇ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਇਲਾਕਿਆਂ ਵਿੱਚ ਪੰਜਾਬੀ ਤੇ ਭਾਰਤੀ ਮੂਲ ਦੇ ਉਮੀਦਵਾਰਾਂ ਦੇ ਇੱਕਾ ਦੁੱਕਾ ਨੂੰ ਛੱਡਕੇ ਖਾਤੇ ਵੀ ਨਹੀਂ ਖੁੱਲੇ ਪਰ ਮੈਲਬੌਰਨ ਤੋ ਕਰੀਬ 200 ਕਿ.ਮੀ. ਦੂਰ ਪੈਂਦੇ ਪੇਂਡੂ ਇਲਾਕੇ ਐਰਾਰਟ ਵਿਖੇ ਹੋਈਆਂ ਵਿੱਚ ਪੰਜਾਬੀ ਮੂਲ ਦੀ ਤਲਵਿੰਦਰ ਕੌਰ ( ਟੈਲੀ ਕੌਰ ) ਨੇ ਇਨਾਂ ਚੋਣਾਂ ਵਿੱਚ ਬਾਜ਼ੀ ਮਾਰ ਲਈ ਹੈ । ਤਲਵਿੰਦਰ ਦਾ ਛੋਟਾ ਨਾਂ ਟੈਲੀ ਹੈ ਤੇ ਇਸ ਸਮੇ ਐਰਾਰਟ ਵਿੱਚ ਆਪਣੇ ਪਤੀ ਤੇ ਦੋ ਬੱਚਿਆਂ ਨਾਲ ਰਹਿ ਰਹੀ ਹੈ ।

ਤਲਵਿੰਦਰ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਮੋਗਾ ਦੇ ਪਿੰਡ ਕੋਕਰੀ ਕਲਾਂ ਦੀ ਜੰਮਪਲ ਹੈ ਤੇ ਸਧਾਰਣ ਕਿਸਾਨੀ ਪਰਿਵਾਰ ਨਾਲ ਸਬੰਧਤ ਹੈ ਤੇ ਉਸ ਦਾ ਸਹੁਰਾ ਪਰਿਵਾਰ ਫਤਿਹਗੜ ਸਾਹਿਬ ਦੇ ਪਿੰਡ ਖਾਨਪੁਰ ਵਿੱਚ ਹੈ ।

 ਟੈਲੀ 2008 ਵਿੱਚ ਚੰਗੇ ਭਵਿੱਖ ਦੀ ਭਾਲ ਵਿੱਚ ਆਪਣੇ ਪਤੀ ਕਰਮਵੀਰ ਸਿੰਘ ਨਾਲ ਆਸਟ੍ਰੇਲੀਆ ਆਈ ਸੀ ਤੇ ਮੈਲਬੋਰਨ ਲਾਗਲੇ ਇਲਾਕੇ ਬੈਲਾਰਟ ਦੀ ਫੈੱਡਰੇਸ਼ਨ ਯੂਨੀਵਰਸਿਟੀ ਵਿਖੇ ਪੜ੍ਹਾਈ ਕੀਤੀ। ਪੜ੍ਹਾਈ ਪੂਰੀ ਹੋਣ 'ਤੇ ਕੰਮਕਾਜ ਦੀਆਂ ਦਿੱਕਤਾਂ ਅਤੇ ਪੱਕੇ ਹੋਣ ਦੀਆਂ ਕੌਸ਼ਿਸ਼ਾਂ ਵਿੱਚ ਉਨ੍ਹਾਂ ਨੂੰ ਐਰਾਰਟ ਆਉਣਾ ਪਿਆ ਤੇ ਉਹ ਇੱਥੇ ਦੀ ਹੀ ਹੋ ਕੇ ਰਹਿ ਗਈ। ਇੱਥੇ ਹੀ ਆਰ. ਐੱਸ. ਐੱਲ. ਦੇ ਸਹਿਯੋਗ ਨਾਲ ਸ਼ੈੱਫ ਦੀ ਨੌਕਰੀ ਮਿਲੀ ਤੇ ਕਰੀਬ 12 ਸਾਲ ਸ਼ੈੱਫ ਦੇ ਤੌਰ 'ਤੇ ਕੰਮ ਕੀਤਾ। ਢਾਈ ਕੁ ਸਾਲ ਪਹਿਲਾਂ ਟੈਲੀ ਨੇ "ਐਰਾਰਟ ਨੇਬਰਹੁੱਡ ਹਾਊਸ" ਵਿੱਖੇ ਬਤੌਰ ਮੈਨੇਜਰ ਦੀ ਨੌਕਰੀ ਹਾਸਲ ਕੀਤੀ ਤੇ ਇਸ ਨੌਕਰੀ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ।

ਇਸ ਦੌਰਾਨ ਜਿੱਥੇ ਆਮ ਲੋਕਾਂ ਨਾਲ ਟੈਲੀ ਦਾ ਸਿੱਧਾ ਰਾਬਤਾ ਹੋਇਆ, ਉੱਥੇ ਹੀ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਕਰਾਉਣ ਲਈ ਵੀ ਹਰ ਸੰਭਵ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ। ਤਲਵਿੰਦਰ ਨੇ ਦੱਸਿਆ ਕਿ ਜਿਸ ਸੰਸਥਾ ਨਾਲ ਉਹ ਕੰਮ ਕਰਦੀ ਹੈ ਉਹ ਸਮਾਜ ਵਿਚਲੇ ਬੇਘਰ, ਬੇਰੁਜ਼ਗਾਰ ਤੇ ਲੋੜਵੰਦ ਲੋਕਾਂ ਦੀ ਮਦਦ ਕਰਦੀ ਹੈ, ਜਿਸ ਵਿੱਚ ਮੁਫਤ ਕਾਨੂੰਨੀ ਸਹਾਇਤਾ ਤਾਂ ਸ਼ਾਮਲ ਹੈ, ਨਾਲ ਹੀ ਰੋਜ਼ਮਰਾ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਜਿਵੇਂ ਕੱਪੜੇ, ਬੂਟ, ਖਾਣ-ਪੀਣ ਆਦਿ ਦਾ ਸਮਾਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ।

ਇਸ ਦੌਰਾਨ ਉਨ੍ਹਾਂ ਦਾ ਆਮ ਲੋਕਾਂ ਨਾਲ ਰਾਬਤਾ ਹੋਣਾ ਸ਼ੁਰੂ ਹੋਇਆ। ਅਰਾਰਟ ਕੌਂਸਲ ਦੀ ਡੈਲੀਗੇਸ਼ਨ ਨੇ ਤਲਵਿੰਦਰ ਨੂੰ ਕੌਂਸਲ ਚੋਣਾਂ ਲੜਨ ਲਈ ਪ੍ਰੇਰਿਆ, ਕਿਉਂਕਿ ਉਹ ਆਪਣੀ ਨੌਕਰੀ ਰਾਹੀਂ ਇੱਕ ਕੌਂਸਲਰ ਤੋਂ ਵੱਧ ਕੰਮ ਕਰ ਰਹੀ ਸੀ ਤੇ ਉਨ੍ਹਾਂ ਦੀ ਅਗਵਾਈ ਵਿੱਚ ਹੀ ਉਨ੍ਹਾਂ ਦੀ ਸੰਸਥਾ ਨੂੰ 44 ਸਾਲ ਬਾਅਦ ਵਧੀਆ ਸੇਵਾਵਾਂ ਬਦਲੇ ਐਵਾਰਡ ਵੀ ਮਿਲਿਆ। ਪਰਿਵਾਰ ਦੀ ਰਜ਼ਾਮੰਦੀ ਤੋਂ ਬਾਅਦ ਕੌਂਸਲ ਚੋਣਾਂ ਵਿੱਚ ਉਤਰਣ ਦਾ ਮਨ ਬਣਾਇਆ। ਕੋਈ ਰਾਜਨੀਤਿਕ ਪਿਛੋਕੜ ਨਾਂ ਹੋਣ ਤੇ ਇੱਥੋਂ ਦੀ ਰਾਜਨੀਤੀ ਬਾਰੇ ਜ਼ਿਆਦਾ ਪਤਾ ਨਾ ਹੋਣ ਕਾਰਨ ਪਹਿਲਾਂ ਥੋੜ੍ਹਾਂ ਮੁਸ਼ਕਲਾਂ ਵੀ ਆਈਆਂ ਪਰ ਕਰੀਬ ਕਰੀਬ ਡੇਢ ਕੁ ਮਹੀਨੇ ਦੀ ਸਖ਼ਤ ਮਿਹਨਤ ਅਤੇ ਅਰਾਰਟ ਵਾਸੀਆਂ ਵਲੋਂ ਦਿੱਤੇ ਗਏ ਪਿਆਰ ਸਦਕਾ ਉਨ੍ਹਾਂ ਨੇ ਇਹ ਚੌਣ ਜਿੱਤ ਲਈ।